ਸੱਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ॥
ਹਰਜੀਤ ਲਸਾੜਾ, ਬਿ੍ਸਬੇਨ - ਆਸਟ੍ਰੇਲੀਆ- ਮਨਮੀਤ ਅਲੀਸ਼ੇਰ ਦਾ ਅਸਹਿ ਵਿਛੋੜਾ ਜੋ ਪੂਰੇ ਵਿਸ਼ਵ ਲਈ ਕਾਲਾ ਦਿੱਨ ਅਤੇ ਹਮੇਸ਼ਾਂ ਲਈ ਤ੍ਰਾਸਦੀ ਬਣ ਗਿਆ ਹੈ, ਮਰਹੂਮ ਦੀ ਆਤਮਿਕ ਸ਼ਾਂਤੀ ਲਈ ਬੀਤੇ ਦਿਨੀਂ ਬ੍ਰਿਸਬੇਨ ਸਿੱਖ ਗੁਰੂਘਰ (ਏਟ ਮਾਇਲ ਪਲੇਨ) ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭਾਈ ਜਗਤਾਰ ਸਿੰਘ ਰਾਜਪੁਰਾ ਦੇ ਜਥੇ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਇਸ ਮੌਕੇ ਇਕੱਤਰ ਸਮੂਹ ਸਾਧ-ਸੰਗਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਵਲੋਂ ਸਮੂਹਿਕ ਅਰਦਾਸ ਕੀਤੀ ਗਈ।
ਇਸ ਮੌਕੇ ਪੁਿਲਸ ਕਮਿਸ਼ਨਰ ਈਅਨ ਸਟੀਵਰਟ, ਆਵਾਜਾਈ ਮੰਤਰੀ ਸਟਰਲਿੰਗ ਹਿੰਚਕਲਿਫ਼, ਮੈਂਬਰ ਪਾਰਲੀਮੈਂਟ ਗ੍ਰੈਹਮ ਪੈਰਟ, ਮੈਂਬਰ ਪਾਰਲੀਮੈਂਟ ਤਾਨੀਆ ਸਮਿੱਥ, ਡੰਕਨ ਮੈਂਬਰ ਪਾਰਲੀਮੈਂਟ, ਕੌਂਸਲਰ ਐਜ਼ਲਾ ਓਵਨ, ਪ੍ਰਣਾਮ ਹੇਅਰ, ਰਸ਼ਪਾਲ ਹੇਅਰ, ਜਸਪਾਲ ਸਿੰਘ ਸੰਧੂ, ਨਵਦੀਪ ਸਿੰਘ, ਮਨਜੀਤ ਬੋਪਾਰਾਏ, ਪ੍ਰਵੀਨ ਗੁਪਤਾ(ਵਕੀਲ), ਰਵੀ ਬਰਾੜ(ਸਕੱਤਰ), ਗੁਰਦੇਵ ਸਿੰਘ ਬਸਰਾ, ਪਿੰਕੀ ਸਿੰਘ, ਜਤਿੰਦਰ ਵਿਰਕ, ਡਾ. ਵਰਿੰਦਰ, ਗੁਰਦੀਪ ਨਿਝੱਰ, ਦੀਪਇੰਦਰ ਸਿੰਘ, ਵਰਿੰਦਰ, ਸ਼ਰਨ ਸੰਧੂ, ਦਲਜੀਤ ਸਿੰਘ, ਗੁਰਸੇਵਕ ਸਿੰਘ ਅਤੇ ਵੱਖ-ਵੱਖ ਧਾਰਮਿਕ, ਸਿਆਸੀ, ਸਾਹਿਤਕ ਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਆਦਿ ਹਾਜ਼ਰ ਸਨ। ਬਿ੍ਸਬੇਨ ਪੰਜਾਬੀ ਪੈ੍ੱਸ ਕਲੱਬ ਦੀ ਹੁਣ ਤੱਕ ਦੀ ਉਸਾਰੂ ਤੇ ਸਾਰਥਿਕ ਕਵਰੇਜ਼ ਦੀ ਵੀ ਸਲਾਹਣਾ ਕੀਤੀ ਗਈ।
ਤਕਰੀਰਾਂ ਦੌਰਾਨ ਮਾਣਯੋਗ ਪੁੁਲਿਸ ਕਮਿਸ਼ਨਰ ਨੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਉਹ ਆਪ ਪੂਰੇ ਮਾਮਲੇ ਦੀ ਜਾਂਚ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੇ ਹਨ। ਆਵਾਜਾਈ ਮੰਤਰੀ ਹਿੰਚਕਲਿਫ਼ ਨੇ ਵੀ ਸਮੂਹ ਭਾਈਚਾਰੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹਰ ਸੰਭਵ ਮੱਦਦ ਦੀ ਪਹੁੰਚ ਦਾ ਵਾਅਦਾ ਵੀ ਕੀਤਾ।
ਸੁਰੱਖਿਆ ਦੇ ਨਜ਼ਰੀਏ ਤੋਂ ਬੱਸ ਡਰਾਈਵਰਾਂ ਦੀ ਸੁਰੱਖਿਆ ਲਈ ਰੀਵਿਊ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਦੀ ਰਿਪੋਰਟ ਅਗਲੇ ਵਰੇ ਮਾਰਚ 2017 ਤੱਕ ਕਿਆਸੀ ਜਾ ਰਹੀ ਹੈ। ਇਸ ਮੌਕੇ ਕੌਂਸਲਰ ਐਜ਼ਲਾ ਨੇ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਮਰਹੂਮ ਮਨਮੀਤ ਦੀ ਯਾਦਗਾਰ, ਪਰਿਵਾਰ ਦੀ ਸਹਿਮਤੀ ਨਾਲ ਇੱਥੇ ਬਿ੍ਸਬੇਨ 'ਚ ਹੀ ਬਣਾਈ ਜਾਵੇਗੀ। ਨਾਲ ਹੀ ਆਗੂਆਂ ਨੇ ਸਮੂਹਿਕ ਪਟੀਸ਼ਨ ਰਾਹੀਂ ਮਰਹੂਮ ਮਨਮੀਤ ਸ਼ਰਮਾ ਦੇ ਪਰਿਵਾਰ ਨੂੰ ਪੱਕੇ ਤੋਰ 'ਤੇ ਆਸਟ੍ਰੇਲੀਆ ਦੇ ਵਸਨੀਕ ਬਣਾਉਣ ਸੰਬੰਧੀ ਲੋਕਾਂ ਦੀ ਮੰਗ 'ਤੇ ਸਰਕਾਰ ਨੂੰ ਵਿਚਾਰ ਕਰਨ ਦੀ ਅਪੀਲ ਵੀ ਕੀਤੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਹੱਤਿਆ-ਕਾਂਡ ਦੌਰਾਨ ਬੱਸ ਦੀਆਂ ਸਵਾਰੀਆਂ ਦੀਆਂ ਕੀਮਤੀ ਜਾਨਾਂ ਬਚਾਉਣ ਵਾਲੇ ਦੋਨੋਂ ਸਖਸ਼ਾਂ ਟੈਕਸੀ ਡਰਾਈਵਰ ਐਗਕ ਨਾਇਓਕ ਅਤੇ ਟਰੱਕ ਡਰਾਈਵਰ ਪੀਟਰ ਨੂੰ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦਾ ਸੰਚਾਲਨ ਮਨਦੀਪ ਸਿੰਘ ਵਲੋਂ ਕੀਤਾ ਗਿਆ। ਮਾਣ ਵਾਲੀ ਗੱਲ ਕਿ ਅੰਬੇਡਕਰ ਸੰਸਥਾ ਵੱਲੋਂ ਰੈੱਡ ਕਰਾਸ ਅਸਟ੍ਰੇਲੀਅ ਨਾਲ ਮਿਲ ਕੇ ਇਸ ਦਿਨ ਮਨਮੀਤ ਅਲੀਸ਼ੇਰ ਨੂੰ ਸਮਰਪਿਤ ਖ਼ੂਨਦਾਨ ਕੈੱਪ ਵੀ ਲਗਾਏ ਗਏ। ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਵੀ ਮਰਹੂਮ ਜੀਅ ਲਈ ਸੋਗ ਇਕੱਠ ਕੀਤਾ ਗਿਆ।
ਚੇਤੇ ਰਹੇ ਕਿ ਮਰਹੂਮ ਮਨਮੀਤ ਅਲੀਸ਼ੇਰ, ਜਿਸਨੂੰ ਡਿਊਟੀ ਦੌਰਾਨ 28 ਅਕਤੂਬਰ 2016 ਨੂੰ ਬ੍ਰਿਸਬੇਨ 'ਚ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਕੋਰਟ ਦੀ ਅਗਲੀ ਸੁਣਵਾਈ 23 ਜਨਵਰੀ 2017 ਦੀ ਮਿੱਥੀ ਗਈ ਹੈ। ਜਿਸ ਦੌਰਾਨ ਵਿਰੋਧੀ ਧਿਰ ਦੇ ਵਕੀਲ ਦੀ ਇਹੋ ਕੋਸ਼ਿਸ਼ ਰਹੇਗੀ ਕਿ ਆਪਣੇ ਮੁਅੱਕਲ ਨੂੰ ਮਾਨਸਿਕ ਰੋਗੀ ਸਾਬਿਤ ਕਰਕੇ ਕੇਸ ਨੂੰ ਠੱਡੇ ਬਸਤੇ ਪਾਇਆ ਜਾ ਸਕੇ।
ਬਿਨਾਂ ਸ਼ੱਕ ਇਸ ਵਕਤ ਸਾਰੇ ਭਾਈਚਾਰਿਆਂ ਦੀ ਨਿਗਾਹ ਹੋਣ ਜਾ ਰਹੇ ਇੰਨਸਾਫ਼ ਤੇ ਅਟਕੀ ਹੋਈ ਹੈ।
Blogger Comment