Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਸੁਰਖੀਆਂ ਦੇ ਪਾਰ :: ਮਿੰਟੂ ਗੁਰੂਸਰੀਆ


ਇਸ਼ਨਾਨ 'ਚ ਕਾਣ !
ਓਜੈਨ ਵਿਚ ਚੱਲ ਰਹੇ ਸਿੰਹਸਥ ਕੁੰਭ ਮੇਲੇ ਦੌਰਾਨ ਸੰਘੀਆਂ ਦੇ ਇੱਕ ਸੰਗਠਨ ਨੇ ਦਲਿਤਾਂ ਅਤੇ ਆਦਿਵਾਸੀਆਂ ਲਈ ਅੱਡ ਇਸ਼ਨਾਨ ਰੱਖ ਕੇ ਵਿਖਾ ਦਿੱਤਾ ਕਿ ਜੋ ਟੀਚੇ ਇਨ੍ਹਾਂ ਦੇ ਵੱਡੇ ਲੈ ਕੇ ਤੁਰੇ ਸੀ, ਉਨ੍ਹਾਂ 'ਤੇ ਅੱਜ ਵੀ ਉਨ੍ਹਾਂ ਦੇ ਵਾਰਸ ਕੱਟੜਤਾ ਦਾ ਕੁਹਾੜਾ ਲੈ ਬਾਖ਼ੂਬੀ ਪਹਿਰਾ ਦੇ ਰਹੇ ਹਨ। ਆਰ.ਐੱਸ.ਐੱਸ ਦਾ ਵੱਸ ਚੱਲੇ ਤਾਂ ਇਹ ਦਲਿਤਾਂ ਦੇ ਗਲ਼ਾਂ 'ਚ ਮੁੜ ਤੋਂ ਠੂਠੇ ਬੰਨ੍ਹ ਕੇ ਆਖੇ ਕਿ ਤੁਹਾਨੂੰ ਥੁੱਕਣ ਵੀ ਨਹੀਂ ਦੇਣਾ। ਕੱਟੜਤਾ ਦੇ ਕੱਟੇ ਹਿੱਕੀ ਫਿਰਦੀ ਆਰ.ਐੱਸ.ਐੱਸ. ਨੂੰ ਸਾਕਸ਼ੀ ਮਹਾਂਰਾਜ ਵਰਗਾ ਬੰਦਾ ਨਹੀਂ ਦੀਹਦਾ, ਜਿਹੜਾ ਸਾਧੂ ਦੇ ਰੂਪ ਵਿੱਚ ਕਦੇ ਬਲਾਤਕਾਰ 'ਚ ਘਿਰਦਾ ਹੈ ਤੇ ਕਦੇ ਭਰੀ ਪੰਚਾਇਤ 'ਚ ਜਵਾਨ ਕੁੜੀ ਦੀ ਜੀਨ ਉਤਰਵਾ ਦਿੰਦਾ ਹੈ। ਆਰ.ਐੱਸ.ਐੱਸ. ਨੂੰ ਸਿਰਫ਼ ਤੇ ਸਿਰਫ਼ ਇਹ ਦਿੱਸਦਾ ਹੈ ਕਿ ਫ਼ਿਰਕੂ ਫ਼ਸਾਦ ਕਿਵੇ ਖੜ੍ਹੇ ਕਰਨੇ ਨੇ, ਕਿਵੇਂ ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਸ਼ੋਸ਼ਿਤ ਤੇ ਭੈਅਭੀਤ ਕਰਨਾ ਹੈ। ਭਾਰਤ ਵਿੱਚ ਜੋ ਕੁਝ ਚੱਲ ਰਿਹਾ ਹੈ, ਉਸ ਨੂੰ ਵੇਖ ਕੇ ਲੱਗਦਾ ਹੈ ਮਨੂੰ ਸਿਮਰਤੀਆਂ ਤੋਂ ਲੈ ਕੇ ਸਮਰਿਤੀ ਇਰਾਨੀ ਤੱਕ ਕੱਖ ਵੀ ਨਹੀਂ ਬਦਲਿਆ।  

ਮੇਰੇ ਦਿਲ ਦੀ ਪੁਕਾਰ, ਝੰਡੀ ਵਾਲੀ ਕਾਰ !
ਵਿਧਾਨ ਸਭਾ ਚੋਣਾਂ 'ਚ ਹਾਰਿਆ ਅਕਾਲੀ ਨੇਤਾ ਲਖਬੀਰ ਸਿੰਘ ਸਿੰਘ ਲੋਧੀਨੰਗਲ ਜਿੰਨੇ ਤਰਲੇ ਝੰਡੀ ਵਾਲ ਕਾਰ ਲਈ ਮਾਰ ਚੁੱਕਾ ਹੈ, ਏਨੇ ਤਰਲਿਆਂ ਨਾਲ ਤਾਂ ਅੜਬ ਤੋਂ ਅੜਬ ਮਾਂ ਵੀ ਆਵਦੇ ਮੁੰਡੇ ਨੂੰ ਰੇੜ੍ਹੀ ਤੋਂ 'ਝੰਡੀ ਆਲੀ ਕਾਰ' ਦੁਆ ਦਿੰਦੀ ਹੈ। ਦੋ ਮਹੀਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਸਾਹਮਣੇ ਭਰਵੇਂ ਇਕੱਠ 'ਚ ਲੋਧੀਨੰਗਲ ਨੇ ਕਿਹਾ ਸੀ; ''ਬਾਦਲ ਸਾਬ! ਮੈਂ ਤਾਂ ਜ਼ਮੀਨ ਵੇਚ-ਵੇਚ ਕੇ ਪਾਰਟੀ ਦੀ ਸੇਵਾ ਕਰਨ ਡਿਆ ਵਾਂ, ਮੈਨੂੰ ਕੋਈ ਨਿੱਕੀ-ਮੋਟੀ ਚੇਅਰਮੈਨੀ ਹੀ ਦੇ ਛੱਡੋ।'' ਲੋਧੀਨੰਗਲ ਦੀ ਇਹ ਹੂਕ ਜਦੋਂ ਬਾਦਲਾਂ ਦਾ ਹਿਰਦਾ ਪਿਘਲਾ ਨਾ ਸਕੀ ਤਾਂ ਬੁੱਧਵਾਰ ਨੂੰ ਲੋਧੀਨੰਗਲ ਨੇ ਦੁਬਾਰਾ ਂਿÂੱਕ ਮੀਟਿੰਗ 'ਚ ਸੇਵਾ ਸਿੰਘ ਸੇਖਵਾਂ ਸਾਹਮਣੇ ਫੇਰ ਦੁੱਖ ਫ਼ੋਲਿਆ ਕਿ ''ਮੈਨੂੰ ਚੇਅਰਮੈਨੀ ਦਿਵਾ ਦਿਉ, ਸ਼ਿਵ ਕੁਮਾਰ ਦੀ ਬਰਸੀ 'ਤੇ ਦਿੱਤਾ ਜਾਣ ਵਾਲਾ ਪੁਰਸਕਾਰ ਮੈਂ ਆਵਦੀ ਜੇਬ 'ਚੋਂ ਦੇ ਦਿਆਂਗਾ।'' ਇਹੋ ਜਿਹੇ ਬੰਦਿਆਂ ਦਾ ਮਾਣ-ਤਾਣ ਤਾਂ ਰੱਖਣਾ ਬਣਦਾ ਹੈ। ਬਾਦਲ ਸਾਬ੍ਹ ਨੂੰ ਚਾਹੀਦੈ ਕਿ ਜਿੱਥੇ ਟਿੰਡ 'ਚ ਐਨੇ ਕਾਨੇ ਫਸਾਏ ਆ, ਉੱਥੇ ਇੱਕ ਹੋਰ ਬੋਰਡ ਬਣਾ ਦੇਣ। ਜਿਹਦਾ ਨਾਂ ਹੋਵੇ; 'ਹਾਰਿਆ-ਨਕਾਰਿਆ ਭਲਾਈ ਬੋਰਡ'। ਇਸ ਬੋਰਡ 'ਚ ਚਾਲ੍ਹੀ-ਪੰਜਾਹ ਅਹੁਦੇ ਹੋਣ, ਤੇ ਹੋਣ ਸਾਰੇ ਹੀ ਚੇਅਰਮੈਨਾਂ ਦੇ। 
ਲੀਡਰ ਦੀਆਂ ਲਾਲ਼ਾਂ ਟਪਕਣ, 
ਤੱਕ ਕੇ ਝੰਡੀ ਵਾਲੀ ਕਾਰ ਸਰਕਾਰੀ ਨੂੰ,
ਹੁਣ ਦੱਸੋ ਕੀਹਦਾ ਨ੍ਹੀਂ ਜੀਅ ਕਰਦਾ 
ਬਾਦਲ ਸਾਬ੍ਹ ਦਾਲ ਕਰਾਰੀ ਨੂੰ। 

ਯੂਨੀ ਦੀ ਪੂਣੀ  ਕੱਤੀ ਗਈ ...
ਪੰਜਾਬ ਸਰਕਾਰ ਵੱਲੋਂ ਆਖਰ ਖ਼ਾਲਸਾ ਯੂਨਵਰਸਿਟੀ ਨੂੰ ਹਰੀ ਝੰਡੀ ਦੇ ਦਿੱਤੀ ਗਈ। ਫ਼ੈਸਲਾ ਇਹ ਹੋਇਆ ਹੈ ਕਿ ਇਤਿਹਾਸਿਕ ਖ਼ਾਲਸਾ ਕਾਲਜ ਪਹਿਲਾਂ ਵਾਂਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚੱਲਦਾ ਰਹੇਗਾ ਪੰ੍ਰਤੂ ਇਸੇ ਕੰਪਲੈਕਸ 'ਚ ਚੱਲਦੇ ਅੱਧੀ ਦਰਜਨ ਕਾਲਜ ਨਵੀਂ ਬਣੀ ਖ਼ਾਲਸਾ ਯੂਨੀਵਰਸਿਟੀ ਮੁਤਹਿਦ ਹੋਣਗੇ। ਇਸ ਯੂਨੀਵਰਸਿਟੀ ਨੂੰ ਇਸ ਲਈ 250-300 ਏਕੜ ਜ਼ਮੀਨ ਮਿਲੇਗੀ। ਬਸ ਰੌਲਾ ਹੀ ਇਹ ਸੀ। ਨਹੀਂ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਰਗੀ 'ਵਰਸਿਟੀ ਹੋਣ ਦੇ ਬਾਵਜੂਦ ਨਿੱਜੀ ਯੂਨੀਵਰਸਿਟੀ ਅੜ ਕੇ ਬਣਾਉਣ ਦੀ ਕੀ ਆਫ਼ਤ ਆ ਪਈ ਸੀ? ਜੇ ਸਿੱਖਿਆ ਦੇ ਪਸਾਰ ਦਾ ਐਨਾ ਹੀ ਹੇਜ ਸੀ ਤਾਂ ਬਾਰਡਰ ਏਰੀਏ ਦੇ ਪਿੰਡਾਂ 'ਚ ਇਹ 'ਵਰਸਿਟੀ ਬਣਾ ਲੈਂਦੇ, ਜਿੱਥੇ ਸਕੂਲ ਵੀ ਚੱਜਦੇ ਨਹੀਂ ਹਨ। ਪਰ ਇਨ੍ਹਾਂ ਤਰਕ-ਦਲੀਲਾਂ ਨੂੰ ਕੌਣ ਪੁੱਛਦੈ, ਇੱਥੇ ਜੀਹਦੇ ਤੋਂ ਵੱਤਰ ਵਗਦਾ ਹੈ, ਉਹ ਵਾਹੀ ਜਾਂਦੈ। ਨਾਲੇ ਏਧਰ ਤਾਂ ਸਤਿਆਜੀਤ ਸਿੰਘ ਮਜੀਠੀਆ (ਹਰਸਿਮਰਤ ਕੌਰ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦਾ ਪਿਤਾ) ਧਾਰ ਕੇ ਬੈਠੇ ਸਨ ਕਿ ਮੋਰਚਾ ਮਾਰਨੀ ਹੀ ਮਾਰਨਾ ਹੈ। ਆਖਰ ਕਹਿਣ ਦਾ ਮੌਕਾ ਮਿਲ ਹੀ ਗਿਆ; 'ਰਾਂਝੇ ਵਰਗੇ ਚਾਕ ਨਹੀਂ ਲੱਭਣੇ, ਬਾਦਲਾਂ ਵਰਗੇ ਸਾਕ ਨਹੀਂ ਲੱਭਣੇ'। 

ਕਪਤਾਨ ਦੀ ਖੀਰ 'ਚ ਲੂਣ !
ਕੈਪਟਨ ਅਮਰਿੰਦਰ ਸਿੰਘ ਲਈ ਵਿਦੇਸ਼ੀ ਦੌਰੇ ਕਿਸੇ 'ਦੌਰੇ' ਤੋਂ ਘੱਟ ਨਹੀਂ ਰਹੇ। ਕਨੈਡਾ ਦੌਰਾ ਮੁਲਤਵੀ ਕਰਨਾ ਪਿਆ ਜਦਕਿ ਅਮਰੀਕਾ ਦੌਰੇ ਦੌਰਾਨ ਕੈਲੇਫੋਰਨੀਆ 'ਚ ਬਹੁਤ ਵੱਡਾ ਵਿਰੋਧ ਝੱਲਣਾ ਪੈ ਗਿਆ। ਕੈਪਟਨ ਦੀ ਗੱਡੀ 'ਤੇ ਸੁੱਟੀਆਂ ਗਈਆਂ ਬੋਤਲਾਂ ਆਦਿਕ ਵੀਡੀਓ 'ਚ ਸਾਫ਼ ਵਿਖਾਈ ਦਿੱਤੀਆਂ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਗ਼ੱਲਾਂ ਦਾ ਖੰਡਨ ਕੀਤੈ। ਗ਼ੱਲ ਸਹੇ ਦੀ ਨਹੀਂ ਪਹੇ ਦੀ ਐ। ਕੈਪਟਨ ਨਾਲ ਜੋ ਸਲੂਕ ਹੋਇਆ, ਉਸ ਬਾਰੇ ਪੰਜਾਬ ਦੀਆਂ ਦੂਜੀਆਂ ਸਿਆਸੀ ਧਿਰਾਂ ਦੇ ਸਲੱਘਾਂ ਨੇ ਚੁਟਕੀਆਂ ਮਾਰ-ਮਾਰ ਕੇ ਗ਼ੱਲਾਂ ਕੀਤੀਆਂ। ਭਾਜਪਾ ਦੇ ਨੇਤਾਵਾਂ ਨੇ ਕਿਹਾ 'ਜੋ ਬੀਜਿਆ ਸੋ ਵੱਢਿਆ'। ਅਕਾਲੀਆਂ ਨੇ ਵੀ ਟਕੋਰ ਕੀਤੀ ਕਿ ਇਹ ਸਾਡੀ ਵਾਰੀਂ ਖ਼ੁਸ਼ ਹੁੰਦੇ ਸੀ, ਹੁਣ ਕਰਨ ਗ਼ੱਲ। 'ਆਪ' ਦੇ ਸਾਧੂ ਸਿੰਘ ਦਾ ਕਹਿਣਾ ਸੀ ਕਿ ਇਹ 'ਆਪ' ਦਾ ਵਿਰੋਧ ਕਰਨ ਗਏ ਸੀ, ਆਵਦਾ ਈ ਕਰਾ ਬੈਠੇ। ਦੂਜਿਆਂ ਨੂੰ ਬਹੁਤੇ ਖੁਸ਼ ਹੋਣ ਦੀ ਲੋੜ ਨਹੀਂ। ਅਕਾਲੀਆਂ ਵਾਰੀਂ ਕਾਂਗਰਸੀ ਤਾੜੀਆਂ ਮਾਰਦੇ ਸੀ ਤਾਂ ਅੱਜ ਉਨ੍ਹਾਂ ਦੀ ਵਾਰੀ ਆ ਗਈ। ਭਾਜਪਾ ਵਾਲੇ ਪੰਜਾਬੀ ਲੀਡਰ ਤਾਂ ਏਦਾਂ ਦੇ ਸਮਾਗਮ ਬਾਹਰ ਰੱਖਣ ਜੋਗੇ ਹੀ ਨਹੀਂ ਹਨ। ਪਰ 'ਆਪ' ਵਾਲਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਿਸੇ ਸਮੇਂ ਬਾਹਰਲੇ ਅਕਾਲੀਆਂ ਦੀ ਆਓ ਭਗਤ ਤੁਹਾਡੇ ਵਾਂਗ ਹੀ ਕਰਿਆ ਕਰਦੇ ਸਨ। ਸਮੇਂ ਦੀਆਂ ਛੱਲਾਂ ਕਿੱਥੋਂ ਕਿੱਥੇ ਲੈ ਗਈਆਂ। ਜੁੱਤੀ ਵਾਲਾ ਚਲਣ ਵੀ ਇਸੇ ਤਰ੍ਹਾ ਚਲਾਇਆ ਸੀ ਸਾਡੇ ਨੇਤਾਵਾਂ ਨੇ। ਇੱਕ ਨੇ ਜੁੱਤੀ ਮਾਰੀ ਤੇ ਦੂਜਿਆਂ ਨੇ ਕਿਹਾ ਇਹ ਭਾਵਨਾਵਾਂ ਦਾ ਪ੍ਰਗਟਾਵਾ ਸੀ। ਤੀਜਿਆਂ ਨੇ ਟਿਕਟ ਦੇ ਦਿੱਤੀ ਤਾਂ ਭਾਵਨਾਵਾਂ ਦੇ ਪ੍ਰਗਟਾਵਿਆਂ ਦੇ ਤਰਕ ਦੇਣ ਵਾਲੇ ਸੁਰ ਬਦਲ ਗਏ। ਜਦੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ 'ਤੇ ਜੁੱਤੀ ਸੁੱਟੀ ਗਈ ਤਾਂ ਭਾਵਨਾਵਾਂ ਦੇ ਪ੍ਰਗਟਾਵਿਆਂ ਵਾਲਿਆਂ ਨੇ 307 ਦਾ ਕੇਸ ਬਣਾ ਦਿੱਤਾ। ਇਸ ਤਰ੍ਹਾਂ ਦੀ ਨਾ ਸਿਆਸਤ ਚੰਗੀ ਹੈ ਤੇ ਨਾ ਵਿਰੋਧ। ਹਰ ਸ਼ੈਅ ਦੀ ਮਰਿਆਦਾ ਤੇ ਹੱਦ ਹੋਣੀ ਚਾਹੀਦੀ ਐ। 

ਟਾਈਟਲਰ ਦਾ ਟੋਟਕਾ !
ਜੇ ਹਰ ਜ਼ੁਰਮ ਦੀ ਕਹਾਣੀ ਦਾ 'ਦਿ ਐਂਡ' ਮੁਆਫ਼ੀ ਹੁੰਦਾ ਤਾਂ ਜੇਲ੍ਹਾਂ ਦੇ ਫ਼ਾਂਸੀ ਅਹਾਤਿਆਂ 'ਚ ਗਾਂਜਰਾਂ ਬੀਜੀਆਂ ਪਈਆਂ ਹੁੰਦੀਆਂ। ਜਗਦੀਸ਼ ਟਾਈਟਲਰ ਨੇ ਮੁਆਫ਼ੀ ਉਦੋਂ ਮੰਗੀ ਜਦੋਂ ਉਹਨੇ ਹਰ ਬਾਜ਼ੀ ਖੇਡ ਕੇ ਵੇਖ ਲਈ, ਹਰ ਪਾਸੇ ਭੱਜ ਕੇ ਵੇਖ ਲਿਆ। ਅੱਜ ਕਾਂਗਰਸ ਤੇ ਟਾਈਟਲਰ, ਦੋਵਾਂ ਨੂੰ ਸਿੱਖਾਂ ਦੀ ਲੋੜ ਹੈ। ਕਾਂਗਰਸ ਪੰਜਾਬ ਫ਼ਤਿਹ ਕਰਕੇ, ਪੂਰੇ ਦੇਸ਼ ਅੰਦਰ ਘੱਟ-ਗਿਣਤੀਆਂ ਦਾ ਭਰੋਸਾ ਉਹਦੇ 'ਤੇ ਹੋਣ ਦਾ ਦਾਅਵਾ ਕਰਨ ਦੇ ਰੌਂਅ 'ਚ ਹੈ, ਜਦਕਿ ਟਾਈਟਲਰ ਆਪਣਾ ਜਾਮ ਪਿਆ ਸਿਆਸੀ ਠੇਲਾ ਰੇੜ੍ਹਨ ਲਈ ਕਾਹਲਾ ਹੈ। ਸ਼ਾਇਦ ਮੁਆਫ਼ੀ ਵਾਲਾ ਪੈਂਤੜਾ ਇਸੇ 'ਚੋਂ ਨਿਕਲਿਆ ਹੈ। ਇਹ ਪਤਾ ਇਨ੍ਹਾਂ ਨੂੰ ਵੀ ਹੈ ਕਿ ਮੁਆਫ਼ੀ ਮਿਲਣ ਦਾ ਸੁਆਲ ਹੀ ਨਹੀਂ ਪੈਦਾ ਹੁੰਦਾ। ਪਰ ਫੇਰ ਵੀ ਜੇ ਸਿੱਖ ਕੌਮ ਨੇ ਇਹ ਮੁਆਫ਼ੀਨਾਮ ਠੁਕਰਾ ਵੀ ਦਿੱਤਾ ਤਾਂਹਵੀ ਕਾਂਗਰਸ ਕਹਿਣ ਜੋਗੀ ਹੋ ਜਾਏਗੀ ਕਿ ਵੱਖ-ਵੱਖ ਮੌਕਿਆਂ 'ਤੇ ਅਸੀਂ ਤਾਂ ਮੁਆਫ਼ੀ ਮੰਗੀ ਹੈ, ਸਾਡੇ ਵੱਸ ਤਾਂ ਇਹੀ ਹੈ। ਬਾਕੀ ਜੱਥੇਦਾਰਾਂ ਨੂੰ ਜੇ ਸਿਰਸੇ ਆਲੇ ਦੀ ਮੁਆਫ਼ੀ ਵਾਲਾ ਸੇਕ ਨਾ ਲੱਗਾ ਹੁੰਦਾ ਤਾਂ ਕੁਝ ਨਹੀਂ ਸੀ ਕਿਹਾ ਜਾ ਸਕਦਾ, ਪਰ ਹੁਣ ਤਾਂ ਉਹ ਝੱਟ ਕਾਂਟਾ ਮਾਰ ਕੇ ਕੁਝ ਮਹੀਨੇ ਦਾ ਕਾਰਜਕਾਲ ਹੋਰ ਪੱਕਿਆਂ ਕਰਨਗੇ।  

Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors