Breaking News
Loading...

Our Sponsors

Our Sponsors

RADIO KIWI PUNJAB

RADIO KIWI PUNJAB
Radio Kiwi Punjab on Planet fm 104.6 every saturday

our sponsors

our sponsors

Our Sponsors

Our Sponsors

ਜਿੱਥੇ ਸ਼ਰਾਬੀਆਂ ਪੱਲਿਓਂ ਗਾਵਾਂ ਪਲ਼ਦੀਆਂ, ਅਸੀਂ ਓਸ ਦੇਸ਼ ਦੇ ਵਾਸੀ ਹਾਂ ...!! ਸੁਰਖੀਆਂ ਦੇ ਪਾਰ :: ਮਿੰਟੂ ਗੁਰੁਸਰੀਆ


ਕੱਖ ਵੀ ਨਹੀਂ ਬਦਲਿਆ ਮੇਰੀ ਖਾਕੀ ਸਰਕਾਰ ਦਾ ...
ਪੰਜਾਬ ਪੁਲਸ ਲਈ ਹਮੇਸ਼ਾ ਵਾਂਗ ਇਹ ਹਫ਼ਤਾ ਵੀ 'ਫ਼ੀਤੀਆਂ' ਲਵਾਉਣ ਵਾਲਾ ਹੀ ਰਿਹਾ। ਬਰਨਾਲਾ ਵਿੱਚ ਇੱਕ ਵਿਅਕਤੀ ਨੂੰ ਨਾਕੇ ਤੋਂ ਚੌਂਕੀ ਤੱਕ ਪੁਲਸ ਵਾਲੇ ਕੁੱਟਦੇ ਲੈ ਗਏ। ਚੌਂਕੀ 'ਚ ਹੀ ਉਕਤ ਵਿਅਕਤੀ ਨੇ ਜ਼ਹਿਰ ਨਿਗਲ ਲਿਆ ਤੇ ਫ਼ੌਤ ਹੋ ਗਿਆ। ਏਦਾਂ ਹੀ ਫ਼ਿਰੋਜ਼ਪੁਰ ਪੁਲਸ ਵੱਲੋਂ ਕਾਬੂ ਕੀਤੇ ਗਏ ਇੱਕ ਪ੍ਰੇਮੀ ਜੋੜੇ ਨੇ ਹਿਰਾਸਤ 'ਚ ਜ਼ਹਿਰ ਨਿਗਲ ਲਿਆ। ਪ੍ਰੇਮੀ ਮਰ ਗਿਆ ਪ੍ਰੇਮਿਕਾ ਮਰਨ ਕਿਨਾਰੇ ਹੈ। ਫ਼ਿਰੋਜ਼ਪੁਰ ਵਿੱਚ ਹੀ ਇੱਕ ਥਾਣੇਦਾਰ ਨੇ ਇੱਕ ਬਜ਼ੁਰਗ ਨੂੰ ਹਵਾਲਾਤ ਅੰਦਰ ਕੁੱਟ-ਕੁੱਟ ਕੇ ਅਧਮੋਇਆ ਕਰ ਦਿੱਤਾ ਅਤੇ ਦੋ ਪੁਲਸ ਮੁਲਾਜ਼ਮਾਂ ਨੇ ਇੱਕ ਔਰਤ ਨਾਲ ਜ਼ਬਰ ਜਨਾਹ ਕਰਕੇ ਫਿਟ ਲਾਹਨਤ ਖੱਟ ਲਈ। ਗੁਰਦਾਸਪੁਰ 'ਚੋਂ ਮੁੜ ਇੱਕ ਕੈਦੀ ਪੁਲਸ ਦੇ ਹੱਥੋਂ ਨਿਕਲ ਗਿਆ। ਕਪੂਰਥਲਾ 'ਚ ਲੁਟੇਰੇ ਇੱਕ ਥਾਣੇਦਾਰ ਨੂੰ ਕੁਚਲ ਕੇ ਮਾਰ ਗਏ ਜਦਕਿ ਹੌਲਦਾਰ ਫ਼ੱਟੜ ਹੋ ਗਿਆ। ਇਨ੍ਹਾਂ ਖ਼ਬਰਾਂ ਦੇ ਵਿਚਾਲੇ ਇਹ ਖ਼ਬਰ ਆ ਗਈ ਕਿ ਠਾਣਿਆਂ ਨੂੰ ਪੁਲਸ ਵਾਲੇ ਆਵਦੇ ਪੱਲਿਓਂ ਚਲਾ ਰਹੇ। ਇਹ ਤਾਂ ਵੈਸੇ ਸਧਾਰਨ ਗ਼ੱਲ ਜਾਪੀ ਕਿਉਂਕਿ ਠਾਣੇ ਪੁਲਸ ਨਹੀਂ 'ਡਾਂਗ' ਚਲਾ ਰਹੀ ਹੈ। 'ਬੋਹੜ ਜਿੰਨਾ ਮਰਜ਼ੀ ਫੈਲਰ ਜਾਵੇ ਭਾਰ ਤਣਿਆਂ 'ਤੇ ਪੈਣੈ'। ਪਰ ਦੂਜੀਆਂ ਖ਼ਬਰਾਂ ਨੂੰ ਵੇਖ ਧੱਕੇ ਦੀ ਸਲਾਹ ਹੈ ਕਿ ਦੋ ਚੀਜ਼ਾ ਤੁਰੰਤ ਬਦਲਣ ਦੀ ਲੋੜ ਹੈ; ਇੱਕ ਤਾਂ ਪੁਲਸ ਦੀ ਕਾਰਜਸ਼ੈਲੀ ਤੇ ਦੁਜੀ ਤਕਨੀਕ। ਪੁਲਸ ਹਿਰਾਸਤ 'ਚ ਮੌਤਾਂ ਪੁਲਸ ਦੇ ਕੰਮ ਕਰਨ ਦੇ ਢੰਗਾਂ ਦਾ ਹੀ ਨਤੀਜਾ ਹੈ, ਜਿੰਨ੍ਹਾਂ ਨੂੰ ਬਦਲਣ ਦੀ ਲੋੜ ਹੁਣ ਆ ਪਈ ਹੈ। ਹੁਣ ਓਹ ਵੇਲੇ ਵੀ ਲੱਦ ਗਏ ਜਦੋਂ ਹੌਲਦਾਰ ਸੌਦਾਗਰ ਸਿੰਘ ਕੱਲ੍ਹਾ ਹੀ ਸਾਰੇ ਪਿੰਡ ਨੂੰ ਸਕੂਲੇ ਸੱਦ ਕੇ ਲਾਈਨ 'ਚ ਖੜ੍ਹਾ ਕਰ ਲੈਂਦਾ ਸੀ। ਹੁਣ ਤਾਂ ਕਿਲੋ-ਕਿਲੋ ਪਿੱਤਲ ਡੱਬ 'ਚ ਪਾਈ ਫਿਰਦੇ ਤੱਤੇ ਟੋਲੇ ਪੁਲਸ ਨੂੰ ਮਿੱਦਦੇ ਤੁਰੇ ਜਾਂਦੇ ਹਨ। ਇਨ੍ਹਾਂ ਟੋਲਿਆਂ ਨੂੰ ਨੱਥਣ ਲਈ ਬਾਹਰਲੇ ਮੁਲਖ਼ਾਂ ਦੀ ਤਰਜ਼ 'ਤੇ ਮੁਲਜ਼ਮਾਂ ਨੂੰ ਫੜਨ ਲਈ ਤਕਨੀਕਾਂ ਅਪਨਾਉਣੀਆਂ ਪੈਣਗੀਆਂ। ਨਹੀ ਤਾਂ ਨਾਕਿਆਂ 'ਤੇ ਐਂਬੂਲੈਂਸਾਂ ਤਿਆਰ ਰੱਖੋ। 
ਤੇਰਾ ਭਲਾ ਹੋਵੇ ਵੇ ਸ਼ਰਾਬੀਆ ...
ਡੁੱਬਦੀ ਹੋਈ ਤਿੜ੍ਹਾਂ ਦਾ ਸਹਾਰਾ ਭਾਲਦੀ ਸੂਬਾ ਸਰਕਾਰ ਨੇ ਸ਼ਰਾਬ 'ਤੇ ਗਊ ਸੈੱਸ (ਉਪ ਟੈਕਸ) ਲਾ ਦਿੱਤੈ। ਅੰਗਰੇਜ਼ੀ ਦੀ ਬੋਤਲ 'ਤੇ ਇਹ ਸੈੱਸ 10 ਰੁਪਏ ਹੋਵੇਗਾ ਜਦਕਿ ਦੇਸੀ ਦੀ ਬੋਤਲ ਅਤੇ ਬੀਅਰ ਦੀ ਬੋਤਲ 'ਤੇ ਇਹ ਸੈੱਸ 5 ਰੁਪਏ ਹੋਵੇਗਾ। ਇਸ ਫ਼ੈਂਸਲੇ ਤੋਂ ਨਰਾਜ਼ ਹੋਇਆ ਇੱਕ ਸ਼ਰਾਬੀ ਭੜ੍ਹਾਸ ਇਉਂ ਕੱਢਦਾ ਜਾ ਰਿਹਾ ਸੀ; ''ਗੰਦੀਏ ਸਰਕਾਰੇ! ਅਸੀਂ ਤਾਂ ਤੇਰਾ ਸਿਆਪਾ ਮਸੀਂ ਕਰਦੇ ਸੀ, ਤੂੰ ਆਵਦੀ 'ਮਾਂ' (ਗਾਂ) ਵੀ ਸਾਡੇ ਕਿੱਲ੍ਹੇ ਬੰਨ੍ਹ 'ਤੀ।'' ਸ਼ਰਾਬੀ ਜੋ ਮਰਜ਼ੀ ਆਖਣ ਪਰ ਬਾਦਲ ਸਾਬ੍ਹ ਦੀ ਮਜਬੂਰੀ ਹੈ, ਕਿਉਂਕਿ ਵੋਟਾਂ ਦੀ ਫ਼ਸਲ ਵੱਢਣ ਤੋਂ ਪਹਿਲਾਂ 'ਮਿੱਠਾ ਪਾਣੀ' ਲਾਉਣਾ ਹੀ ਪੈਂਦੈ। ਠੀਕ ਓਵੇਂ ਜਿਵੇਂ ਦੁੱਧ ਚੋਣ ਲਈ ਖੋਲ਼ੀ ਨੂੰ ਭਾੜਾ ਪਾਉਣਾ ਪੈਂਦੈ। ਹੁਣ ਸਾਨੂੰ ਪੰਜਾਬ ਤੋਂ ਬਾਹਰ ਜੇ ਕੇ ਪੁੱਛਿਆ ਕਰੇਗਾ ਕਿ ਕਿੱਥੋਂ ਆਏ ਹੋ, ਤਾਂ ਅਸੀਂ ਕਿਹਾ ਕਰਾਂਗੇ; 
ਜਿੱਥੇ ਪਾਣੀ 'ਤੇ ਬੱਸਾ ਚਲਦੀਆਂ,
ਜਿੱਥੇ ਘਰ-ਘਰ ਚਿਖ਼ਾਵਾਂ ਬਲਦੀਆਂ,
ਜਿੱਥੇ ਸ਼ਰਾਬੀਆਂ ਪੱਲਿਓਂ ਗਾਵਾਂ ਪਲ਼ਦੀਆਂ, 
ਅਸੀਂ ਓਸ ਦੇਸ਼ ਦੇ ਵਾਸੀ ਹਾਂ ...!!
ਧੁੰਦ ਦੇ ਬੱਦਲਾਂ ਦੇ ਪਰਛਾਵੇਂ ...
ਸਿਆਸੀ ਤੇ ਪੱਤਰਕਾਰੀ ਸਫ਼ਾਂ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਇੱਕ ਪੰਜਾਬੀ ਖ਼ਬਰੀ ਚੈਨਲ ਨੂੰ ਬੰਦ ਕਰਨ ਨੂੰ ਲੈ ਕੇ ਬੜੀ ਦੁਹਾਈ ਪਾਈ ਗਈ। ਜਿਸ ਚੈਨਲ ਨੂੰ ਸਿਆਸਤਦਾਨ ਉਹਦੇ ਕੈਮਰਿਆਂ ਮੂਹਰੇ ਖੜ੍ਹ ਕੇ ਸੂਰਮਾ ਚੈਨਲ ਕਰਾਰ ਦੇ ਰਹੇ ਸਨ ਅਤੇ ਸੋਸ਼ਲ ਮੀਡੀਆ 'ਤੇ ਜੀਹਦੇ ਪਿੱਛੇ ਲੋਕ ਇੱਕ-ਦੂਜੇ ਨਾਲ ਸਿੰਗ ਫ਼ਸਾਈ ਬੈਠੇ ਸੀ, ਉਹ ਚੈਨਲ ਆਪਣੇ ਨਾਲ ਹੋਈ ਧੱਕੇਸ਼ਾਹੀ ਦਾ ਰੋਣਾ ਤਾਂ ਰੋ ਰਿਹਾ ਸੀ ਪਰ ਨਾਂ ਲੈ ਕੇ ਇਹ ਨਹੀਂ ਸੀ ਦੱਸ ਰਿਹਾ ਕਿ ਧੱਕਾ ਕੀਤਾ ਕਿਸ ਨੇ ਹੈ ਤੇ ਇਸ ਦੀ ਵਜ੍ਹਾ ਕੀ ਹੈ? 'ਨਿੱਜੀ ਕੇਬਲ ਅਪ੍ਰੇਟਰ' ਦੇ ਰੱਟੇ ਅੱਗੇ ਇਸ ਚੈਨਲ ਕੋਲੋਂ 'ਫਾਸਟਵੇਅ' ਲਾਉਣ ਦੀ ਵੀ ਹਿੰਮਤ ਨਹੀਂ ਸੀ ਹੋ ਰਹੀ। ਜਿਗਰੇ ਵਾਲੇ ਹੋਣ ਦੇ ਢੋਲ ਪਿੱਟਣ ਵਾਲੇ ਗੰਢੇ ਚੀਰਣ ਲੱਗਿਆਂ ਹੈਲਮੈਟ ਪਾਉਂਦੇ ਚੰਗੇ ਨਹੀਂ ਲੱਗਦੇ।
'ਚਿੱਟੇ ਰੁਮਾਲਾਂ ਦੀ ਸੇਲ' ... 
ਮਾਲੇਗਾਂਵ ਬੰਬ ਧਮਾਕਿਆਂ ਦੀ ਦੋਸ਼ੀ ਸਾਧਵੀ ਪ੍ਰੱਗਿਆ ਸਮੇਤ 6 ਨੂੰ ਐੱਨ.ਆਈ.ਏ. ਨੇ 'ਚਿੱਟਾ ਰੁਮਾਲ' (ਕਲੀਨ ਚਿੱਟ) ਦੇ ਕੇ ਦੋਸ਼ ਮੁਕਤ ਕਰ ਦਿੱਤਾ। ਪਰ ਇਸੇ ਮਾਮਲੇ 'ਚ ਭਗੌੜੇ ਸੰਦੀਪ ਡਾਂਗੇ ਅਤੇ ਰਾਮਚੰਦਰ ਕਲਸਾਂਗਰੇ ਨੂੰ ਬੱਬਰ ਖ਼ਾਲਸਾ ਇੰਟਰਨੈਸ਼ਨਲ ਜੱਥੇਬੰਦੀ ਨਾਲ ਜੁੜਿਆ ਦਰਸਾ ਕੇ ਜਾਂਦੇ ਭੂਤ ਦੀ ਲੰਗੋਟੀ ਖਿੱਚਣ ਦੀ ਕੋਸ਼ਿਸ਼ ਕੀਤੀ ਗਈ। ਚਲੋ ਹੋਰ ਨਹੀਂ ਤਾਂ ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਲੀਕ ਤਾਂ ਖਿੱਚੀ ਜਾਵੇ। ਸਾਧਵੀ ਪੱ੍ਰਗਿਆ ਨੂੰ ਕਲੀਨ ਚਿੱਟ ਦੇਣ ਦੇ ਮਾਮਲੇ 'ਚ ਪਏ ਭੜਥੂ 'ਚ ਭਗਵਾਂ ਬ੍ਰਿਗੇਡ ਆਖ ਰਹੀ ਹੈ ਕਿ ਤੱਤਕਾਲੀਨ ਯੂ.ਪੀ.ਏ. ਸਰਕਾਰ ਨੇ ਸਾਧਵੀ ਪ੍ਰੱਗਿਆ ਤੇ ਸਾਥੀਆਂ ਨੂੰ ਨਜਾਇਜ਼ ਫਸਾਇਆ ਜਦਕਿ ਕਾਂਗਰਸ ਆਖ ਰਹੀ ਹੈ ਕਿ ਨਜਾਇਜ਼ ਤਾਂ ਹੁਣ ਹੋ ਰਹੀ ਹੈ ਜਦੋਂ ਏਜੰਸੀਆਂ ਨੂੰ ਵਰਤਿਆ ਜਾ ਰਿਹਾ ਹੈ। ਜਿਹੜੀ ਮਰਜ਼ੀ ਧਿਰ ਸੱਚੀ ਹੋਵੇ ਪਰ ਇੱਕ ਗ਼ੱਲ ਤਾਂ ਇਨ੍ਹਾਂ ਦੇ ਆਵਦੇ ਮੂੰਹੋਂ ਇਕਬਾਲ ਹੋ ਰਹੀ ਹੈ ਕਿ ਸਮੇਂ ਦੀਆਂ ਸਰਕਾਰਾਂ ਏਜੰਸੀਆਂ ਨੂੰ ਆਪਣੇ ਏਜੰਡੇ ਮੁਤਾਬਕ ਵਰਤਦੀਆਂ ਹਨ। ਇਹ ਵੀ ਸਾਫ਼ ਹੋ ਗਿਆ ਕਿ ਖ਼ੁਫ਼ੀਆ ਤੇ ਪੜਤਾਲੀਆ ਏਜੰਸੀਆਂ ਦਾ ਸਿਆਸੀਕਰਨ ਹੀ ਨਹੀਂ ਬ੍ਰਾਹਮਣੀਕਰਨ ਵੀ ਹੋ ਚੁੱਕਾ ਹੈ। 
ਇੱਕ ਗ਼ੱਲ ਦਿਲ ਦੀ ...
ਇਹ ਖ਼ਬਰ ਪੜ੍ਹ ਕੇ ਮਨ ਨਿਮੋਝੂਣਾ ਜਿਹਾ ਹੋ ਗਿਆ ਕਿ ਪਿਛਲੇ ਸੱਤ ਸਾਲਾਂ ਤੋਂ ਕਿਸੇ ਪੰਚਾਇਤ ਨੇ ਨਾ ਤਾਂ ਨਵੀਂ ਲਾਇਬਰੇਰੀ ਮੰਗੀ ਤੇ ਨਾ ਹੀ ਸਰਕਾਰ ਨੇ ਕਿਸੇ ਲਾਇਬਰੇਰੀ ਲਈ ਗ੍ਰਾਂਟ ਜਾਰੀ ਕੀਤੀ। ਸੰਗਤ ਦਰਸ਼ਨਾਂ 'ਚ ਵੀ ਪੰਚਾਇਤਾਂ ਦੀਆਂ ਮੰਗਾਂ ਆਮ ਤੌਰ 'ਤੇ ਉਹੀ ਦਹਾਕਿਆਂ ਪੁਰਾਣੀਆਂ ਹਨ; ਗ਼ਲੀਆਂ ਬਣਾ ਦਿਉ ਜੀ, ਨਾਲੀਆਂ ਚਮਕਾ ਦਿਉ ਜੀ, ਸਿਵਿਆਂ ਨੂੰ ਕਲੀ ਕਰਾ ਦਿਉ ਜੀ। ਪੰਜਾਹ ਸਾਲਾਂ ਤੋਂ ਇਹੀ ਕੰਮ ਸੂਤ ਨਹੀਂਂ ਆÂਂੇ। ਗ਼ਲੀਆਂ ਠੇਕੇਦਾਰ, ਸਰਪੰਚ ਤੇ ਇਲਾਕੇ ਦੇ ਜੱਥੇਦਾਰ ਨੂੰ ਜ਼ਿਆਦਾ 'ਮੌਜ' ਦੇ ਰਹੀਆਂ ਹਨ ਜਦਕਿ ਨਾਲੀਆਂ ਨਸ਼ਾ ਪੀੜਤਾਂ ਲਈ ਮਨ ਭਾਉਂਦਾ ਟਿਕਾਣਾ ਬਣ ਗਈਆਂ ਹਨ। ਰਹੀ ਗ਼ੱਲ ਸਿਵਿਆਂ ਦੀ ਤਾਂ ਉਹਦੇ ਲਈ ਤਾਂ ਸਾਡੇ ਪੰਜਾਬੀ ਸਾਂਸਦ ਵੀ ਦਿਲ ਖੋਲ੍ਹ ਕੇ ਗੱਫ਼ੇ ਦਿੰਦੇ ਹਨ ਕਿ ਸਿਵੇ ਇਹੋ ਜਿਹੇ ਬਣਾ ਦਿਉ ਕਿ ਲੋਕ ਆਪ ਹੀ ਆਖਣ ਕਿ ਸਰਕਾਰ ਦੇ ਸਿਵੇ ਵੇਖ ਕੇ ਮਰਨ ਨੂੰ ਜੀਅ ਕਰਦੈ। ਸ਼ਬਦ ਦੀ ਬੁਨਿਆਦ 'ਤੇ ਟਿਕੀ ਹਸਤੀ ਸ਼ਬਦ ਦੀ ਮਹੱਤਤਾ ਹੀ ਵਿਸਾਰ ਗਈ ਹੈ। ਜਦੋਂ ਕੌਮਾਂ ਸੰਕਟ 'ਚ ਫੱਸ ਜਾਣ ਤਾਂ ਫੇਰ ਉਹ ਚਿੰਤਨ ਕਰਦੀਆਂ ਹਨ, ਜੋ ਸ਼ਬਦ 'ਚੋਂ ਉਪਜਦਾ ਹੈ। ਪਰ ਸਾਡੇ ਤਾਂ ਇੱਥੇ ਲਾਪਰਵਾਹੀਆਂ ਏਸ ਕਦਰ ਹਨ ਕਿ ਨਸ਼ਾ ਨਾਲ ਮਰੇ ਦੇ ਸਸਕਾਰ ਤੋਂ ਆ ਕੇ ਨਾਲੇ ਜਰਦਾ ਮਲੀ ਜਾਣਗੇ ਨਾਲੇ ਆਖਣਗੇ; ਮਾਰ 'ਤਾ ਪੰਜਾਬ ਨਸ਼ੇ ਨੇ। ਸੋ, ਸਾਡੀਆ ਚਿੰਤਾਵਾਂ-ਚਿੰਤਨ ਓਨਾ ਚਿਰ ਸਮੇਂ ਦੀ ਬਰਬਾਦੀ ਹਨ ਜਦੋਂ ਤੱਕ ਸ਼ਬਦ ਨਾਲ ਜੁੜਾਅ ਨਹੀਂ ਹੁੰਦਾ। ਇਹ ਜਾਗ ਤਾਂਹੀ ਲੱਗੇਗੀ ਜੇ ਘਰਾਂ ਦੀਆਂ ਅਲਮਾਰੀਆਂ 'ਚ ਸ਼ਰਾਬ ਦੀ ਥਾਂ ਕਿਤਾਬ ਅਤੇ ਪਿੰਡ 'ਚ ਤਾਸ਼ ਖੇਡਣ ਵਾਲੇ ਟਿਕਾਣਿਆਂ ਦੀ ਥਾਂ ਕਿਤਾਬਘਰ ਹੋਵੇਗਾ। ਸਿਆਸਤ ਕਦੋਂ ਚਾਹੇਗੀ ਕਿ ਪੜ੍ਹ ਕੇ ਇਹ ਲੋਕ ਸਾਨੂੰ ਹੀ ਪੜ੍ਹਨੇ ਪਾ ਦੇਣ। ਆਪ ਹੀ ਸਾਂਭੋ ਆਵਦਾ-ਆਵਦਾ ਘਰ, ਆਵਦਾ-ਆਵਦਾ ਪਿੰਡ। ਜੇ ਕਿਤਾਬ ਸਭਿਆਚਾਰ ਸਿਰਜ ਦਿੱਤਾ ਜਾਵੇ ਤਾਂ ਕਿਤਾਬਾਂ 'ਚੋਂ ਨਿਕਲਣਗੇ ਵਿਚਾਰ, ਵਿਚਾਰਾਂ 'ਚੋਂ ਨਿਕਲੇਗਾ ਸੰਵਾਦ, ਸੰਵਾਦ 'ਚੋਂ ਨਿਕਲੇਗੀ ਲਹਿਰ, ਲਹਿਰ 'ਚੋਂ ਨਿਕਲੇਗਾ ਲੋਕ ਨਾਇਕ। ਲੋਕ ਨਾਇਕ ਖ਼ਰੀਦੇ ਨਹੀਂ ਖੋਜੇ ਜਾਂਦੇ ਆ। 
ਨਸ਼ਾ ਕਰੋ, ਨਾ 'ਵਾਰ' ਕਰੋ, 
ਕਰਨਾ ਹੈ ਤਾਂ ਕਿਤਾਬਾਂ ਨਾਲ ਪਿਆਰ ਕਰੋ


ਮਿੰਟੂ ਗੁਰੁਸਰੀਆ
Share on Google Plus

About kiwipunjab

ਨਿਊਜੀ ਲੈੰਡ ,ਆਸਟਰੇਲੀਆ ਅਤੇ ਭਾਰਤ ਤੋਂ ਪੰਜਾਬੀ ਵਿਚ ਖਬਰਾਂ ਦਾ ਸਿਲਸਿਲਾ ਲਗਾਤਾਰ , ਜੁੜੇ ਰਹੋ "ਕੀਵੀ ਪੰਜਾਬ ਮੀਡੀਆ" ਦੇ ਨਾਲ .
    Blogger Comment

Our Sponsors

Our Sponsors

Our Sponsors

Our Sponsors

Our Sponsors

Our Sponsors