ਗੌਰ ਕਰੀਏ ਸਿਰਾਂ ਨੂੰ ਜੋੜ ਯਾਰੋ...ਪਿਛਲੇ ਹਫਤੇ ਪੰਜਾਬ 'ਚ ਨਸ਼ੇ ਨਾਲ ਸਬੰਧਤ ਦੋ ਰਿਪੋਰਟਾਂ ਆਈਆਂ। ਕਿਉਂਕਿ ਲੋਕ ਪਾਕਿ ਨਾਲ ਚੱਲ ਰਹੀ ਕੂਟਨੀਤੀ ਅਤੇ ਬੰਦੂਕਨੀਤੀ ਵਿੱਚ ਰੁੱਝੇ ਹੋਏ ਸਨ, ਏਸ ਲਈ ਇਨ੍ਹਾਂ ਦੀ ਬਹੁਤੀ ਚਰਚਾ ਨਹੀਂ ਹੋਈ। ਪਹਿਲੀ ਰਿਪੋਰਟ ਇਹ ਸੀ ਕਿ ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਨਸ਼ਾ ਵਿਰੋਧੀ ਕਾਨੂੰਨ ਤਹਿਤ 1 ਲੱਖ 32 ਹਜ਼ਾਰ 387 ਪਰਚੇ ਦਰਜ ਹੋਏ, ਜਿੰਨ੍ਹਾਂ 'ਚੋਂ ਕੱਲ੍ਹੇ ਪੰਜਾਬ ਅੰਦਰ ਇਨ੍ਹਾਂ ਕੇਸਾਂ ਦਾ ਗਿਣਤੀ 39 ਹਜ਼ਾਰ 29 ਹਜ਼ਾਰ ਰਹੀ। ਦੂਜੀ ਰਿਪੋਰਟ ਇਹ ਸੀ ਕਿ ਪੁਲਸ ਭਰਤੀ ਦੇ ਜਿੰਨ੍ਹਾਂ ਆਂਕੜਿਆਂ ਦੇ ਸਿਰ 'ਤੇ ਸੁਖਬੀਰ ਸਿੰਘ ਬਾਦਲ ਨਾਅਰੇ ਮਾਰਦੇ ਫਿਰਦੇ ਸਨ, ਪਰ ਹਕੀਕੀ ਤੱਥ ਕੁਝ ਹੋਰ ਨਿਕਲਿਆ। ਪੁਲਸ ਭਰਤੀ ਲਈ 5.24 ਲੱਖ ਉਮੀਦਵਾਰਾਂ ਨੇ ਫਾਰਮ ਭਰੇ ਸਨ। ਪਰ ਕਮਾਲ ਦੀ ਗ਼ੱਲ ਕਿ ਇਨ੍ਹਾਂ 5.24 ਲੱਖ 'ਚੋਂ 1.48 ਲੱਖ ਡੋਪ ਟੈਸਟ ਲਈ ਪੁੱਜੇ ਈ ਨਹੀਂ। ਦੇਸ਼ ਦੀ 2 ਕੁ ਫੀਸਦੀ ਅਬਾਦੀ ਵਾਲੇ ਸੂਬੇ ਅੰਦਰ ਦੇਸ਼ ਦੇ ਕੁਲ ਦਰਜ ਨਸ਼ੇ ਦੇ ਕੇਸਾਂ 'ਚੋਂ 30 ਫੀਸਦੀ ਦਰਜ ਹੋਣਾ, ਸਧਾਰਨ ਗ਼ੱਲ ਤਾਂ ਨਹੀਂ। ਇਹ ਵੀ ਤਾਂ ਅਲੋਕਾਰੀ ਗ਼ੱਲ ਜਾਪਦੀ ਹੈ ਕਿ ਜਿਸ ਸੂਬੇ ਦੀ ਇੱਕ ਅਦਾਲਤ 'ਚ ਚਪੜਾਸੀ ਦਾ ਅਸਾਮੀ ਲਈ 16 ਹਜ਼ਾਰ ਅਰਜ਼ੀਆਂ ਆ ਜਾਂਦੀਆਂ ਹੋਣ, ਉੱਥੇ ਡੇਢ ਲੱਖ ਉਮੀਦਵਾਰ ਸਿਪਾਹੀ ਦੀ ਨੌਂਕਰੀ ਲਈ ਬਿਨੈ ਕਰਕੇ ਟੈਸਟ ਲਈ ਹੀ ਨਾ ਆਉਣ। ਅਸੀਂ ਇਹ ਨਹੀਂ ਕਹਿੰਦੇ ਕਿ ਇਹ ਆਂਕੜੇ ਸਾਰੇ ਪੰਜਾਬ ਦੇ ਗ਼ਰਕਣ 'ਤੇ ਸਹੀ ਪਾਉਂਦੇ ਨੇ, ਪਰ ਇਨ੍ਹਾਂ ਗ਼ੱਲਾਂ 'ਤੇ ਉਹ ਲੋਕ ਚਰਚਾ ਤਾਂ ਕਰਦੇ, ਜਿੰਨ੍ਹਾਂ 'ਚੋਂ ਇੱਕ ਧਿਰ ਮੰਨਦੀ ਨਹੀਂ ਕਿ ਨਸ਼ਾ ਪੰਜਾਬ ਅੰਦਰ ਇੱਕ ਸੰਕਟ ਹੈ ਤੇ ਦੂਜੀ ਧਿਰਾਂ ਕਲੰਡਰ ਛਾਪ ਛੱਡਦੀਆਂ ਹਨ ਕਿ ਸਾਨੂੰ ਆਪਣੇ ਭਾਗਾਂ ਦੇ ਲਾੜੇ ਬਣਾਓ, ਅਸੀਂ ਐਨੇ ਦਿਨਾਂ 'ਚ ਨਸ਼ੇ ਦਾ ਬੀਅ ਨਾਸ ਕਰ ਦਿਆਂਗੇ। ਸਾਡੀ ਬਦਕਿਸਮਤੀ ਹੈ ਕਿ ਜਦੋਂ ਸ਼ਿਕਾਰ ਨਿਕਲੇ, ਕੁੱਤੀ ਪੈਂਚਰ ਹੋ ਜਾਂਦੀ ਹੈ। ਚੋਣਾਂ ਤੋਂ ਪਹਿਲਾਂ ਜੁਆਨੀ, ਕਿਸਾਨੀ ਤੇ ਪਾਣੀ, ਇਨ੍ਹਾਂ ਮੁੱਦਿਆਂ 'ਤੇ ਸੱਤ੍ਹਾ 'ਚ ਰਹਿ ਚੁੱਕੇ ਸਿਆਸੀ ਸੂਰਮਿਆਂ ਦੀਆਂ ਹੁਣ ਤੱਕ ਮਾਰੀਆਂ ਮੱਲਾਂ ਅਤੇ ਸੱਤ੍ਹਾ ਦੇ ਚਾਹਵਾਨਾਂ ਦੇ ਰੋਡ ਮੈਪ ਦਾ ਨਿਚੋੜ ਨਿਕਲਣਾ ਚਾਹੀਦਾ ਹੈ। ਪਰ ਬੜੇ ਅਫ਼ਸੋਸ ਦੀ ਗ਼ੱਲ ਹੈ ਕਿ ਕਦੇ ਧਰਮ ਦੇ ਰੌਲੇ ਪੇਸ਼ ਨਹੀਂ ਜਾਣ ਦੇਂਦੇ ਤੇ ਕਦੇ ਸਿਆਸੀ ਲੋਕ ਭੰਮੀਰੀ ਘੁਮਾ ਜਾਂਦੇ ਹਨ; ਇਸ ਵਾਰ ਜੰਗ ਦੇ ਰੋਲ-ਘਚੋਲੇ ਦੀ ਗਰਦ ਨੇ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਢੱਕ ਲਿਆ। ਉਮੀਦ ਹੈ ਕਿ ਜਲਦੀ ਇਹ ਗਰਦ ਬਹਿ ਜਾਵੇ।
ਸਰਜੀਕਲ ਅਪ੍ਰੇਸ਼ਨ ਦਾ ਸਿਆਸੀ ਆਪ੍ਰੇਸ਼ਨ
ਭਾਰਤੀ ਫੌਜ ਵੱਲੋਂ ਕੀਤਾ ਸਰਜੀਕਲ ਸਟ੍ਰਾਇਕ ਭਾਰਤੀ ਸਿਆਸਤ ਦੇ ਢਹੇ ਚੜ੍ਹ ਗਈ। ਕਾਂਗਰਸ ਦੇ ਰਾਹੁਲ ਗਾਂਧੀ ਨੇ ਜਿੱਥੇ ਪਹਿਲਾਂ ਇਸ ਦਾ ਸੁਆਗਤ ਕੀਤਾ ਉੱਥੇ ਦੋ ਦਿਨ ਬਾਅਦ ਉਨ੍ਹਾਂ ਦੇ ਨੇਤਾ ਸੰਜੈ ਨਿਰੂਪਮ ਨੇ ਟਵੀਟ ਕੀਤਾ ''ਸਰਜੀਕਲ ਅਪ੍ਰੇਸ਼ਨ ਹੋਣੇ ਚਾਹੀਦੇ ਹਨ, ਪਰ ਫ਼ਰਜ਼ੀ ਨਹੀਂ।'' ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਨਾਲ ਮੋਦੀ ਨੂੰ ਸਲਾਮ ਕਰ 'ਤਾ ਤੇ ਨਾਲ ਸੁਆਲ ਕਰ 'ਤਾ ਕਿ ਕੌਮਾਂਤਰੀ ਮੀਡੀਏ ਅਤੇ ਪਾਕਿ ਦੇ ਉਸ ਦਾਅਵੇ ਦਾ ਜੁਆਬ ਦਿਓ, ਜੀਹਦੇ 'ਚ ਉਹ ਆਖ ਰਹੇ ਹਨ ਕਿ ਅਜਿਹੀ ਕੋਈ ਕਾਰਵਾਈ ਨਹੀਂ ਹੋਈ। ਇਸ ਸੁਆਲ 'ਤੇ ਖਿੱਝੀ ਭਾਜਪਾ ਕੇਜਰੀਵਾਲ ਨੂੰ ਝਵੀ ਲੈ ਕੇ ਪੈ ਗਈ ਤੇ ਉਹਦੇ ਘਰ ਦੇ ਮੂਹਰੇ ਪ੍ਰਦਰਸ਼ਨ ਕਰਨ ਜਾਹ ਅੱਪੜੀ। ਹੁਣ ਸਰਜੀਕਲ ਅਪ੍ਰੇਸ਼ਨ ਦਾ ਸਿਆਸੀ ਆਪ੍ਰੇਸ਼ਨ ਹੋ ਰਿਹਾ ਹੈ, ਤੇ ਇਹਦੇ ਲਈ ਜਿੰਮੇਵਾਰ ਵੀ ਸਿਆਸਤਦਾਨ ਹਨ, ਜਿੰਨ੍ਹਾਂ ਕਰਕੇ ਛੁਰ ਵੱਟ ਜਾਣ ਵਾਲੀ ਕਾਰਵਾਈ 'ਤੇ ਏਤਰਾਂ ਬੜ੍ਹਕਾਂ ਮਾਰੀਆਂ, ਜਿਵੇਂ ਕੋਈ ਰੋਜ਼ ਢਹਿਣ ਵਾਲੇ ਭਲਵਾਨ ਨੇ ਸੁਫ਼ਨੇ 'ਚ ਮੰਨਣਹਾਰੇ ਆਲ਼ੀ ਛਿੰਞ ਜਿੱਤ ਲਈ ਹੋਵੇ।
ਸਿੱਧੂ ਫੇਰ ਹੋਇਆ ਸਿੱਧਾ ...ਅਚਾਨਕ ਖ਼ਬਰ ਆ ਗਈ ਕਿ ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਨਾਲ ਮਿਲਣੀ ਵੀ ਹੋ ਗਈ ਤੇ ਸਿੱਧੂ ਨੂੰ ਸਾਥੀ ਬਣਾਉਣ ਲਈ ਵੀ ਮਿੱਥ ਲਿਆ ਗਿਆ। ਛੜੱਪੇਬਾਜ਼ ਸਿੱਧੂ ਕੀ ਕਰੇਗਾ, ਇਹਦੇ ਬਾਰੇ ਹਾਲਾਂਕਿ ਪੱਕਾ ਕੁਝ ਨਹੀਂ ਕਿਹਾ ਜਾ ਸਕਦਾ ਪਰ ਜੇ ਉਹ ਕਿਸੇ ਪਾਸੇ ਜਾਂਦਾ ਹੈ ਤਾਂ ਉਨ੍ਹਾਂ ਦਾ ਕੀ ਬਣੇਗਾ, ਜੋ ਕਹਿੰਦੇ ਸੀ ; 'ਤੇਜਾ ਸਿੰਘ ਦੇ ਆਉਣ ਦਾ ਉਡੀਕ ਸਾਨੂੰ, ਉਹਦੇ ਆਏ ਬਗੈਰ ਨਾ ਲੜਾਂਗੇ ਜੀ'।
ਕਿਆ ਬਾਤਾਂ ਬਾਬਾ ਤੇਰੇ ਦੌਰ ਦੀਆਂ ...ਕਮੇਟੀ ਦੇ ਸਕੂਲਾਂ ਦੀ ਜਿਸ ਡਿਪਟੀ ਡਾਇਰੈਕਟਰ ਬੀਬੀ ਨੂੰ ਕਿਲੋ ਫੀਮ ਰੱਖਣ ਦੇ ਦੋਸ਼ ਵਿੱਚ 16 ਅਗਸਤ ਨੂੰ ਛੇ ਮਹੀਨਿਆਂ ਦੀ ਕੈਦ ਹੋਈ ਸੀ, ਉਸ ਨੂੰ ਜ਼ਮਾਨਤ ਮਿਲਦਿਆਂ ਹੀ ਕਮੇਟੀ ਨੇ ਪ੍ਰਿੰਸੀਪਲ ਵੱਜੋਂ ਨੌਂਕਰੀ 'ਤੇ ਬਹਾਲ ਕਰਕੇ ਕਮੇਟੀ ਦੇ ਇਸ 'ਨਿਰਾਲੇ' ਦੌਰ ਦੀ ਇਬਾਰਤ 'ਚ ਇੱਕ ਹੋਰ 'ਸੁਨਿਹਰੀ' ਇੱਟ ਜੜ ਦਿੱਤੀ ਐ। ਹੁਣ ਤਾਂ ਲੋਕ ਆਖਣ ਲੱਗ ਪਏ ਆ;
''ਫੀਮ ਹੋਵੇ, ਘਿਓ ਦਾ ਟੀਨ ਹੋਵੇ, ਚਾਹੇ ਹੋਵੇ ਲੱਕੜ,
ਫੱਟੇ ਸਭ ਦੇ ਚੱਕੀ ਚੱਲੋ, ਜਦ ਤੱਕ ਬੈਠਾ ਸੀਟ 'ਤੇ ਬਾਬਾ ਮੱਕੜ !!
ਧੰਨਵਾਦ ਯਾਤਰਾ ਹੋਵੇ ...ਬਿਕਰਮਜੀਤ ਸਿੰਘ ਮਜੀਠੀਆ ਨੇ ਸੋਈ ਦੇ ਵਰਕਰਾਂ ਨੂੰ ਨਾਲ ਲੈ ਕੇ ਮੋਹਾਲੀ ਤੋਂ ਪਟਿਆਲਾ ਤੱਕ ਮੋਟਰ ਸਾਈਕਲਾਂ 'ਤੇ ਤਿਰੰਗਾ ਯਾਤਰਾ ਕੀਤੀ। ਮਜੀਠੀਆ ਦਾ ਤਰਕ ਸੀ ਕਿ ਕੈਪਟਨ ਸਰਹੱਦ 'ਤੇ ਜਾ ਕੇ ਫੌਜ ਦਾ ਹੌਂਸਲਾ ਪਸਤ ਕਰਕੇ ਰਾਜਸੀ ਰੋਟੀਆਂ ਸੇਕ ਰਿਹਾ ਹੈ। ਮਜੀਠੀਆ ਸਾਬ੍ਹ! ਜਦੋਂ ਤੁਸੀਂ ਬੀ.ਐੱਸ.ਐੱਫ. ਖ਼ਿਲਾਫ਼ ਧਰਨੇ ਜਾ ਲਾਏ ਸੀ, ਉਦੋਂ ਤੁਸੀਂ ਬੀ.ਐੱਸ.ਐੱਫ. ਨੂੰ ਕਿਹੜਾ ਤਾਕਤ ਦਾ 'ਟਾਨਿਕ' ਦੇ ਕੇ ਆਏ ਸੀ? ਲੋਕੀ ਤਾਂ ਕਹਿੰਦੇ ਆ ਕਿ ਮਜੀਠੀਆ ਸਾਬ੍ਹ ਨੂੰ ਤਾਂ ਚਾਹੀਦੈ ਕਿ ਉਹ ਅੰਮ੍ਰਿਤਸਰੋਂ ਪਟਿਆਲਾ ਤੱਕ ਧੰਨਵਾਦ ਯਾਤਰਾ ਕਰੇ, ਕਿਉਂਕਿ ਕੈਪਟਨ ਤਾਂ ਹੀ ਸੀ, ਜਿਸ ਨੇ ਸੀ.ਬੀ.ਆਈ. ਦੀ ਪੜਤਾਲ ਤੋਂ ਨਾਂਹ ਕਰਕੇ ਫਸਿਆ ਗੱਡਾ ਕੱਢਿਆ ਸੀ
ਗਿੱਲ੍ਹਾ ਪੀਣ ਨਾ ਪਾਇਓ ...ਸੂਬੇ ਦਾ ਖੇਤੀ ਮੰਤਰੀ ਤੋਤਾ ਸਿੰਘ ਬੀਤੇ ਦਿਨੀਂ ਸਮਰਾਲੇ ਮੰਡੀ 'ਚ ਹੁਕਮ ਦੇ ਰਿਹਾ ਸੀ ਕਿ ਅਠਾਰ੍ਹਾਂ ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਮੰਡੀਆਂ 'ਚ ਵੜਨ ਈ ਨਾ ਦਿਓ। ਤੋਤਾ ਸਿੰਘ ਅਨੁਸਾਰ ਮੰਡੀਆਂ ਫ਼ਸਲ ਖਰੀਦਣ ਲਈ ਨੇ ਨਾ ਕਿ ਝੋਨਾ ਸੁਕਾਉਣ ਲਈ।ਪਰ ਕਮਾਲ ਦੀ ਗ਼ੱਲ ਹੈ ਕਿ ਸਾਡੇ ਨਾਲ ਲੱਗਦੇ ਸੂਬੇ ਹਰਿਆਣਾ ਬਾਈ ਫੀਸਦੀ ਤੱਕ ਨਮੀ ਵਾਲਾ ਝੋਨਾ ਖਰੀਦ ਰਿਹਾ ਹੈ, ਤੇ ਨਾ ਹੀ ਇਹ ਆਖ ਰਿਹਾ ਹੈ ਕਿ ਝੋਨਾ ਮੰਡੀਆਂ 'ਚ ਸੁਕਾਉਣ ਦੀ ਥਾਂ ਕੋਠਿਆਂ ਦੀਆਂ ਛੱਤਾਂ 'ਤੇ ਸੁਕਾਓ ।
Blogger Comment