ਡਿਪਟੀ ਪ੍ਰੀਮੀਅਰ ਅਤੇ ਆਵਾਜਾਈ ਮੰਤਰੀ ਜੈਕੀ ਟ੍ਰੈਡ ਨੇ ਕਿਹਾ ਕਿ ਉਹ ਟੈਕਸੀ ਦੀ ਸਮੀਖਿਆ ਸਬੰਧਤ ਸਿਫਾਰਸ਼ ਕੀਤੇ ਕਿਸੇ ਵੀ ਰੈਗੂਲੇਟਰੀ ਤਬਦੀਲੀ ਨੂੰ ਆਉਂਣ ਵਾਲੇ ਸਮੇਂ 'ਚ ਸਵੀਕਾਰ ਕਰਦੀ ਹੈ।
ਉਹਨਾਂ ਕਿਹਾ ਕਿ ਯਾਤਰੀ ਸੁਰੱਖਿਆ ਅਤੇ ਨਿਰਪੱਖ ਕਰਾਇਆ ਕਵੀਨਜ਼ਲੈਂਡ ਟੈਕਸੀ ਉਦਯੋਗ ਦੀ ਸਮੀਖਿਆ 'ਚ ਦੋ ਅਹਿਮ ਕੁੰਜੀ ਤੱਤ ਹਨ। ਪਰ ਇਹ ਰਿਪੋਰਟ ਅਗਲੇ ਸਾਲ ਅਗਸਤ ਮਹੀਨੇ ਤੱਕ ਵੀ ਰਾਜ ਸਰਕਾਰ ਨੂੰ ਨਹੀਂ ਦਿੱਤੀ ਜਾ ਸਕੇਗੀ। ਇਹ ਅਹਿਮ ਖੁਲਾਸਾ ਉਹਨਾਂ ਬੀਤੇ ਬੁੱਧਵਾਰ ਨੂੰ 612 ਏਬੀਸੀ ਰੇਡੀਓ ਬ੍ਰਿਸਬੇਨ ਤੇ ਕੀਤਾ।
ਸ੍ਰੀਮਤੀ ਟ੍ਰੈਡ ਨੇ ਕਿਹਾ ਕਿ ਊਬਰ ਕੰਪਨੀ ਮੌਜੂਦਾ ਨਿਯਮਾਂ ਦੇ ਤਹਿਤ ਗੈਰ-ਕਾਨੂੰਨੀ ਕੰਮ ਕਰ ਰਹੀ ਹੈ। ਕਿਉਂਕਿ, ਇੱਕ ਟੈਕਸੀ ਚਲਾਉਣ ਲਈ ਤੁਹਾਨੂੰ ਇੱਕ ਟੈਕਸੀ ਲਾਇਸੰਸ ਦੀ ਲੋੜ੍ਹ ਹੈ। ਫ਼ਿਲਹਾਲ ਊਬਰ ਕਾਰ ਇਸ ਸ਼ਰਤ ਤੇ ਪੂਰੀ ਨਹੀਂ ਉਤਰਦੀ। ਇਸ ਲਈ ਊਬਰ ਕਾਰ ਕਨੂੰਨੀ ਤੌਰ ਤੇ ਲਾਈਸੈਂਸ ਟੈਕਸੀ ਦਾ ਅਧਿਕਾਰ ਨਹੀਂ ਰੱਖਦੀ। ਨਾਲ ਹੀ ਉਹਨਾਂ ਅਪੀਲ ਕੀਤੀ ਕਿ ਮਜ਼ੂਦਾ ਟੈਕਸੀ ਭਾਈਚਾਰਾ ਆਪਣੇ ਹੱਕਾਂ ਲਈ ਹਿੰਸਾ ਦਾ ਸਹਾਰਾ ਨਾ ਲਵੇ। ਕਿਉਂਕਿ, ਸਮੇਂ ਦੀ ਲੋੜ੍ਹ ਮੁਤਾਬਕ ਲੋਕਾਈ ਦੀ ਮੰਗ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।
ਪਰ ਟੈਕਸੀ ਕੌਂਸਲ ਨੇ ਇਸਦਾ ਜ਼ੋਰਦਾਰ ਖੰਡਨ ਕਰਦੇ ਹੋਏ ਕਿਹਾ ਕਿ ਅਗਰ ਊਬਰ ਕੰਪਨੀ ਕਨੂੰਨ ਮੁਤਾਬਕ ਕੰਮ ਨਹੀਂ ਕਰ ਰਹੀ ਹੈ ਤਾਂ ਇਸਨੂੰ ਤੁਰੰਤ ਰੋਕਣਾ ਕਾਨੂੰਨ ਦੀ ਜ਼ਿਮੇਵਾਰੀ ਬਣਦੀ ਹੈ। ਅਜਿਹਾ ਨਾ ਕਰਨ ਕਰਕੇ ਮਜ਼ੂਦਾ ਟੈਕਸੀ ਉਦਯੋਗ ਤਬਾਹੀ ਦੇ ਨੇੜੇ ਆਣ ਖਲੋਤਾ ਹੈ। ਇਸ ਪੇਸ਼ੇ ਨਾਲ ਸਾਲਾਂ ਤੋਂ ਕੰਮ ਕਰਦੇ ਵਿਅਕਤੀ ਅੱਜ ਆਪਣੇ ਆਪ ਨੂੰ ਲੁੱਟੇ-ਲੁੱਟੇ ਮਹਿਸੂਸ ਕਰ ਰਹੇ ਹਨ। ਪਰਿਵਾਰਾਂ 'ਚ ਵੀ ਬਾਹਲੀ ਬੇਚੈਨੀ ਦਾ ਆਲਮ ਹੈ।

Blogger Comment