ਨਵੀਂ ਦਿੱਲੀ: ਪਤੰਜਲੀ ਦੀਆਂ ਵਸਤਾਂ ਨੇ ਬਾਬਾ ਰਾਮਦੇਵ ਨੂੰ ਮਾਲੋਮਾਲ ਕਰ ਦਿੱਤਾ ਹੈ। ਬਾਬਾ ਰਾਮਦੇਵ ਦਾ ਕਾਰੋਬਾਰ ਪੰਜ ਹਜ਼ਾਰ ਕਰੋੜ ਤੋਂ ਉੱਪਰ ਆ ਚੁੱਕਾ ਹੈ ਤੇ 2016-17 ਦੇ ਲਈ ਬਾਬਾ ਰਾਮਦੇਵ ਨੇ 10,000 ਕਰੋੜ ਦਾ ਟੀਚਾ ਰੱਖਿਆ ਹੈ। ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਰਾਮਦੇਵ ਨੇ ਆਪਣੇ ਕਾਰੋਬਾਰ ਬਾਰੇ ਜਾਣਕਾਰੀ ਦਿੱਤੀ। ਗਾਂ ਨੂੰ ਲੈ ਕੇ ਦੇਸ਼ ਵਿੱਚ ਕੋਈ ਵੀ ਚਰਚਾ ਕਿਉਂ ਨਾ ਹੋਈ ਹੋਵੇ ਪਰ ਇਹ ਸਭ ਤੋਂ ਵੱਧ ਰਾਸ ਬਾਬਾ ਰਾਮ ਦੇਵ ਨੂੰ ਆਈ ਹੈ।
ਗਾਂ ਦੇ ਘੀ ਤੋਂ ਬਾਬਾ ਰਾਮਦੇਵ ਨੇ 1308 ਕਰੋੜ ਦੀ ਕਮਾਈ ਕੀਤੀ ਹੈ। ਰਾਮਦੇਵ ਦੀ ਕੰਪਨੀ ਪਤੰਜਲੀ ਦੇ ਇਸ ਸਮੇਂ ਦੇਸ਼ ਵਿੱਚ 40000 ਡਿਸਟ੍ਰੀਬਿਊਟਰ, 10000 ਸਟੋਰ ਤੇ 100 ਮੈਗਾ ਤੇ ਰਿਟੇਲ ਸਟੋਰ ਹਨ। ਰਾਮਦੇਵ ਦੇ ਨਿਸ਼ਾਨੇ ਉੱਤੇ ਵਿਦੇਸ਼ੀ ਕੰਪਨੀਆਂ ਵੀ ਆ ਗਈਆਂ ਹਨ। ਰਾਮਦੇਵ ਨੇ ਦਾਅਵਾ ਕੀਤਾ ਕਿ ਉਹ ਤਿੰਨ ਵਿਦੇਸ਼ੀ ਕੰਪਨੀਆਂ ਨੂੰ ਭਾਰਤੀ ਬਾਜ਼ਾਰ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਕਰ ਦੇਣਗੇ। ਰਾਮਦੇਵ ਨੇ ਆਖਿਆ ਕਿ ਉਨ੍ਹਾਂ ਦਾ ਦੰਤ ਕ੍ਰਾਂਤੀ ਵਿਦੇਸ਼ੀ ਕੰਪਨੀ ਕੋਲਗੇਟ ਨੂੰ, ਕੇਸ਼ ਕ੍ਰਾਂਤੀ ਪੈਂਟੀਨ ਨੂੰ ਤੇ ਫੂਡ ਪ੍ਰੋਡਕੈਟ ਨੈਸਲੇ ਨੂੰ ਪੂਰੀ ਤਰ੍ਹਾਂ ਭਾਰਤੀ ਮਾਰਕੀਟ ਤੋਂ ਬਾਹਰ ਕਰ ਦੇਣਗੇ।
ਯੋਗ ਗੁਰੂ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲ ਵਿੱਚ ਉਨ੍ਹਾਂ ਦਾ ਕਾਰੋਬਾਰ ਵਿੱਚ 1100 ਫ਼ੀਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਆਖਿਆ ਕਿ ਅਜੇ ਤਾਂ ਉਨ੍ਹਾਂ ਦੀ ਸ਼ੁਰੂਆਤ ਹੋਈ ਹੈ ਪਰ ਉਨ੍ਹਾਂ ਦੀ ਚਰਚਾ ਕਾਰਪੋਰੇਟ ਤੋਂ ਲੈ ਕੇ ਬਾਲੀਵੁੱਡ ਜਗਤ ਵਿੱਚ ਹੋ ਰਹੀ ਹੈ। ਰਾਮਦੇਵ ਨੇ ਆਖਿਆ ਕਿ ਉਨ੍ਹਾਂ ਨੇ ਆਪਣੇ ਪ੍ਰੋਡੈਕਟ ਨੂੰ ਵੇਚਣ ਲਈ ਕਦੇ ਵੀ ਝੂਠ ਦਾ ਸਹਾਰਾ ਨਹੀਂ ਲਿਆ ਤੇ ਨਾ ਹੀ ਉਨ੍ਹਾਂ ਨੇ ਕਿਸੇ ਦਾ ਬਾਜ਼ਾਰ ਖੋਹਿਆ ਹੈ।
Blogger Comment