ਅਬੁਜਾ— ਇਸ ਬੱਚੇ ਦਾ ਨਾਂ 'ਹੋਪ' ਯਾਨੀ ਉਮੀਦ ਹੈ ਪਰ ਜਿਸ ਹਾਲਤ ਵਿਚ ਇਹ ਬੱਚਾ ਇਸ ਗੋਰੀ ਨੂੰ ਮਿਲਿਆ ਸੀ, ਉਸ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ। ਨਾ ਸਰੀਰ ਤੇ ਕੱਪੜਾ ਨਾ ਢਿੱਡ 'ਚ ਰੋਟੀ। ਸੜਕਾਂ 'ਤੇ ਭਟਕ ਰਹੇ ਇਸ ਬੱਚੇ ਨੂੰ ਲੋਕ 'ਸ਼ੈਤਾਨ' ਕਹਿ ਰਹੇ ਸਨ ਅਤੇ ਉਸ ਭੁੱਖੇ-ਭਾਣੇ ਬੱਚੇ ਨੂੰ ਮਾਰ ਰਹੇ ਸਨ। ਘਟਨਾ ਨਾਈਜੀਰੀਆ ਦੀ ਹੈ। ਬੱਚੇ ਦੀ ਕਿਸਮਤ ਸ਼ਾਇਦ ਚੰਗੀ ਸੀ ਕਿ ਡੈਨਮਾਰਕ ਦੀ ਐਂਜਾ ਰਿੰਗ੍ਰੀਨ ਨਾਮੀ ਔਰਤ ਉੱਥੇ ਪਹੁੰਚ ਗਈ। ਉਸ ਨੇ ਬੱਚੇ ਨੂੰ ਲੋਕਾਂ ਤੋਂ ਬਚਾਅ ਲਿਆ ਪਰ ਉਸ ਨੂੰ ਬਚਾਉਣ ਲਈ ਐਂਜਾ ਨੂੰ ਉਨ੍ਹਾਂ ਮੂਰਖਾਂ ਨੂੰ ਆਪਣੇ ਕੋਲ ਜਿੰਨੀਂ ਨਕਦੀ ਸੀ ਸਭ ਦੇਣੀ ਪਈ। ਲੋਕ ਐਂਜਾ 'ਤੇ ਹੱਸ ਰਹੇ ਸਨ ਕਿ ਇਸ 'ਸ਼ੈਤਾਨ' ਦਾ ਉਹ ਕੀ ਕਰੇਗੀ ਪਰ ਐਂਜਾ ਲਈ ਉਸ ਨੇ ਮਨੁੱਖਤਾ ਦੀ ਇਕ ਲੜਾਈ ਜਿੱਤ ਲਈ ਸੀ। 
ਐਂਜਾ ਪਿਛਲੇ ਤਿੰਨ ਸਾਲਾਂ ਤੋਂ ਨਾਈਜੀਰਆ ਵਿਖੇ ਰਹਿ ਕੇ ਉੱਥੇ ਦੇ ਲੋਕਾਂ ਦੇ ਹਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇੱਥੇ ਉਹ ਭੁੱਖਮਰੀ ਤੇ ਅੰਧਵਿਸ਼ਵਾਵਾਂ ਦੇ ਸ਼ਿਕਾਰ ਪੀੜਤ ਬੱਚਿਆਂ ਨੂੰ ਬਚਾਉਂਦੀ ਹੈ ਅਤੇ ਉਨ੍ਹਾਂ ਦੀ ਜੀਵਨ ਸੰਵਾਰ ਕੇ ਉਨ੍ਹਾਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਦਾ ਕੰਮ ਕਰਦੀ ਹੈ। ਇੱਥੋਂ ਦੇ ਲੋਕ ਵਹਿਮਾਂ-ਭਰਮਾਂ ਤੇ ਅੰਧ-ਵਿਸ਼ਵਾਸਾਂ ਵਿਚ ਇਸ ਤਰ੍ਹਾਂ ਫਸੇ ਹੋਏ ਹਨ ਕਿ ਆਪਣੇ ਬੱਚਿਆਂ ਦੀ ਬਲੀ ਚਾੜ੍ਹ ਦਿੰਦੇ ਹਨ। 'ਹੋਪ' ਨੂੰ ਬਚਾਉਣ ਤੋਂ ਬਾਅਦ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਅਤੇ ਜੋ ਕੰਮ ਉਹ ਪਿੱਛਲੇ ਤਿੰਨ ਸਾਲਾਂ ਤੋਂ ਕਰ ਰਹੀ ਸੀ, ਉਸ ਪਹਿਲੀ ਵਾਰ ਪਛਾਣ ਮਿਲ ਗਈ। ਐਂਜਾ ਨੇ 'ਹੋਪ' ਨੂੰ ਬਚਾਅ ਕੇ ਉਸ ਨੂੰ ਅਫਰੀਕਨ ਚਿਲਡ੍ਰਨਜ਼ ਏਡ ਐਜੂਕੇਸ਼ਨ ਅਤੇ ਡੈਵਲਪਮੈਂਟ ਫਾਊਂਡੇਸ਼ਨ ਵਿਚ ਭਰਤੀ ਕਰਵਾ ਦਿੱਤਾ। ਇਹ ਸੰਸਥਾ ਐਂਜਾ ਆਪਣੇ ਪੈਸਿਆਂ ਨਾਲ ਚਲਾਉਂਦੀ ਹੈ, ਜਿੱਥੇ ਉਹ ਇਸ ਤਰ੍ਹਾਂ ਦੇ ਲਾਚਾਰੀ ਦੇ ਸ਼ਿਕਾਰ ਬੱਚਿਆਂ ਨੂੰ ਪਾਲਦੀ ਵੀ ਹੈ ਤੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਦੀ ਹੈ। ਐਂਜਾ ਦੇ ਮੰਨਣਾ ਹੈ ਕਿ ਨਾਈਜੀਰੀਆ ਦੇ ਲੋਕਾਂ ਦੇ ਦੁੱਖਾਂ ਦਾ ਅੰਤ ਸਿਰਫ ਪੜ੍ਹਾਈ ਨਾਲ ਹੀ ਹੋ ਸਕਦਾ ਹੈ। ਉਹ ਇਸ ਲਈ ਨਾਈਜੀਰੀਆਈ ਸਰਕਾਰ ਨਾਲ ਵੀ ਲੜਨ ਨੂੰ ਤਿਆਰ ਹੈ। ਐਂਜਾ ਦੀ ਇਸ ਸੋਚ ਨੂੰ ਅਸੀਂ ਸਲਾਮ ਕਰਦੇ ਹਨ-'ਜੋ ਗੋਰੇ-ਕਾਲੇ ਦਾ ਫਰਕ ਨਹੀਂ ਦੇਖਦੀ। ਪੈਸੇ ਦਾ ਇਸਤੇਮਾਲ ਗਰੀਬਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਰ ਰਹੀ ਹੈ ਅਤੇ ਬੇਗਾਨੇ ਦੇਸ਼ ਦੇ ਬੱਚਿਆਂ ਨੂੰ ਸੰਵਾਰਨ ਲਈ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਰਹੀ ਹੈ।'


Blogger Comment