ਦਮਿਸ਼ਕ— ਸੀਰੀਆ ਵਿਚ ਨਾਗਰਿਕਾਂ ਦੀ ਮੌਤ 'ਤੇ ਫਰਾਂਸ ਅਤੇ ਅਮਰੀਕਾ ਨੇ ਰੂਸ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਰੂਸ ਨੂੰ ਵੱਧ ਸਾਵਧਾਨੀ ਵਰਤਣੀ ਚਾਹੀਦੀ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਮੇਨੁਇਲ ਵਾਲਸ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਸੀ ਕਿ ਰੂਸੀ ਹਵਾਈ ਹਮਲਿਆਂ ਵਿਚ ਨਾਗਰਿਕ ਮਾਰੇ ਜਾ ਰਹੇ ਹਨ। ਬ੍ਰਿਟੇਨ ਸਥਿਤ 'ਸੀਰੀਅਨ ਆਬਜ਼ਬੇਟਰੀ ਫਾਰ ਹਿਊਮਨ ਰਾਈਟਸ' ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕ ਰੂਸੀ ਹਵਾਈ ਹਮਲਿਆਂ ਵਿਚ ਮਾਰੇ ਜਾ ਚੁੱਕੇ ਹਨ। ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸਹਿਯੋਗੀ ਰੂਸ ਲਗਾਤਾਰ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਪਰ ਉਹ ਹਰ ਵਾਰ ਕਹਿ ਦਿੰਦਾ ਹੈ ਕਿ ਉਹ ਤਾਂ ਅੱਤਵਾਦੀਆਂ ਨੂੰ ਮਾਰ ਰਿਹਾ ਹੈ।
ਰੂਸੀ ਪ੍ਰਧਾਨਮੰਤਰੀ ਦਮਿੱਤਰੀ ਮੇਦਵੇਦੇਵ ਨੇ ਕਿਹਾ,''ਨਾਗਰਿਕਾਂ 'ਤੇ ਬੰਬ ਸੁੱਟਣ ਦਾ ਕੋਈ ਸਬੂਤ ਨਹੀਂ ਹੈ, ਫਿਰ ਵੀ ਹਰ ਕੋਈ ਸਾਨੂੰ ਕੋਸ ਰਿਹਾ ਹੈ।'' ਜਿੱਥੇ ਇਕ ਪਾਸੇ ਵਾਲਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੂਸ ਅਤੇ ਉਸਦੇ ਹਿੱਤਾਂ ਦਾ ਸਨਮਾਨ ਕਰਦੀ ਹੈ ਪਰ ਸ਼ਾਂਤੀ ਲਈ ਰਸਤਾ ਲੱਭਣ ਅਤੇ ਗੱਲਬਾਤ ਲਈ ਪਹਿਲੇ ਨਾਗਰਿਕਾਂ 'ਤੇ ਰੂਸ ਨੂੰ ਬੰਬ ਸੁੱਟਣੇ ਬੰਦ ਕਰਨੇ ਚਾਹੀਦੇ ਹਨ। ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰੀ ਜਾਨ ਕੇਰੀ ਨੇ ਰੂਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੀਰੀਆ ਵਿਚ 'ਡੰਬ ਬੰਬ' ਵਰਤਿਆ ਜਾ ਰਿਹਾ ਹੈ, ਜੋ ਸਿੱਧੇ ਨਿਸ਼ਾਨੇ 'ਤੇ ਹਮਲਾ ਨਹੀਂ ਕਰਦਾ। ਰੂਸ ਦੇ ਸਮਰਥਨ ਵਿਚ ਚੱਲ ਰਹੇ ਹਵਾਈ ਹਮਲਿਆਂ ਨਾਲ ਸੀਰੀਆ ਦੀ ਸਰਕਾਰੀ ਫੌਜ ਨੇ ਅਲੈਪੋ ਸ਼ਹਿਰ ਦੇ ਉੱਤਰੀ ਇਲਾਕੇ ਵਿਚ ਬਾਗੀਆਂ ਨੂੰ ਘੇਰ ਲਿਆ ਹੈ।

Blogger Comment