ਚੰਡੀਗੜ੍ਹ: ਪੰਜਾਬ ‘ਚ ਆਮ ਆਦਮੀ ਪਾਰਟੀ 117 ‘ਚੋਂ 17 ਸੀਟਾਂ ਵੀ ਆਪਣੇ ਵਰਕਰਾਂ ਨੂੰ ਨਹੀਂ ਦੇਵੇਗੀ। ਇਹ ਟਿਕਟਾਂ ਸਾਬਕਾ ਕਾਂਗਰਸੀਆਂ, ਸਾਬਕਾ ਅਕਾਲੀਆਂ, ਠੇਕੇਦਾਰਾਂ ਤੇ ਪੈਸੇ ਵਾਲਿਆਂ ਨੂੰ ਮਿਲਣਗੀਆਂ। ਇਹ ਗੱਲ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸਵਰਾਜ ਅਭਿਆਨ ਦੇ ਮੁਖੀ ਯੋਗੇਂਦਰ ਯਾਦਵ ਨੇ ‘ਏਬੀਪੀ ਸਾਂਝਾ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ‘ਚ ਵੀ ਇਸੇ ਤਰ੍ਹਾਂ ਹੋਇਆ ਸੀ ਤੇ ਪੰਜਾਬ ‘ਚ ਵੀ ਇਹੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਰਟੀ ਵਰਕਰ ਇਸ ਤੋਂ ਬੁਰੀ ਤਰ੍ਹਾਂ ਨਿਰਾਸ਼ ਹੋਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕੋਈ ਨੀਤੀ ਨਹੀਂ ਹੈ। ਜੇ ‘ਆਪ’ ਦੀ ਕੋਈ ਨੀਤੀ ਹੈ ਤਾਂ ਉਹ ਬਾਕੀਆਂ ਵਾਂਗ ਹੀ ਸਿਰਫ਼ ਲੋਕ ਲੁਭਾਵਣੇ ਵਾਅਦੇ ਹਨ।
ਯਾਦਵ ਨੇ ਕਿਹਾ ਕਿ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ ‘ਤੇ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਪਰਿਵਾਰ ਨੂੰ ਹੱਦ ਦਰਜੇ ਦੀ ਨਫ਼ਰਤ ਕਰਦੇ ਹਨ ਤੇ ਇਸੇ ਲਈ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦਾ ਬੁਰੀ ਤਰ੍ਹਾਂ ਸਫਾਇਆ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਦਲਾਅ ਹੋਣਾ ਤੈਅ ਹੈ। ਇਹ ਬਦਲ ਸੱਚਾ ਹੋਵੇਗਾ ਜਾਂ ਨਹੀਂ ਇਹ ਨਹੀਂ ਕਿਹਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਵਰਾਜ ਅਭਿਆਨ ਪੰਜਾਬ ‘ਚ ਬਦਲ ਬਣਨ ਦੀ ਕੋਸ਼ਿਸ਼ ਕਰੇਗਾ ਤੇ ਇਸ ਲਈ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਭ ਤੋਂ ਵੱਡਾ ਸੰਕਟ ਕਿਸਾਨੀ ਮਸਲੇ ਹਨ ਤੇ ਅਸੀਂ ਰਾਜਨੀਤੀ ਦੇ ਕੇਂਦਰ ਕਿਸਾਨ ਨੂੰ ਹੀ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਦੇਸ ਭਰ ‘ਚ ਕਿਸਾਨਾਂ ਲਈ ਕੰਮ ਕਰ ਰਹੇ ਹਾਂ।
ਯਾਦਵ ਨੇ ਕਿਹਾ ਕਿ ਪੰਜਾਬ ‘ਚ 1984, ਪੰਜਾਬ ਸਮੱਸਿਆ,ਖਾੜਕੂ ਲਹਿਰ ਦੌਰਾਨ ਸਿੱਖ ਨੌਜਾਵਾਨਾਂ ਦਾ ਕਤਲੇਆਮ, ਪਾਣੀ ਦੇ ਮਸਲਿਆਂ ਬਾਰੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਵਰਾਜ ਅਭਿਆਨ ਆਉਣ ਵਾਲੇ ਦਿਨਾਂ ‘ਚ ਇਨ੍ਹਾਂ ਮੁੱਦਿਆਂ ਨਾਲ ਜ਼ਰੂਰ ਸੰਵਾਦ ਕਰੇਗਾ।
Blogger Comment