ਚੰਡੀਗੜ੍ਹ: 20 ਜਨਵਰੀ 2016 : “ਆਮ ਆਦਮੀ ਪਾਰਟੀ ਬਾਹਰਲੀਆਂ ਪਾਰਟੀਆਂ ਦੇ ਲੀਡਰਾਂ ਨੂੰ ਸ਼ਾਮਲ ਕਰਕੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਵਾਲੀਆਂ ਗਲਤੀਆਂ ਕਰ ਰਹੀ ਹੈ। ਇਸ ਨਾਲ ‘ਆਪ’ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਅਜਿਹੇ ਕਦਮ ਨਾਲ ਪਹਿਲਾਂ ਤੋਂ ਕੰਮ ਕਰ ਰਹੇ ਪਾਰਟੀ ਵਰਕਰ ਨਿਰਾਸ਼ ਹੋਣਗੇ।” ਪੰਜਾਬ ਦੇ ਉੱਘੇ ਅਰਥਸਾਸ਼ਤਰੀ ਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸਾਬਕਾ ਸਰਪ੍ਰਸਤ ਸਰਦਾਰਾ ਸਿੰਘ ਜੌਹਲ ਨੇ ‘ਪੰਜਾਬੀ ਟੀ ਵੀ ਚੈਨਲ ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਬਾਹਰੋਂ ਆਏ ਹੋਏ ਲੀਡਰਾਂ ਨੂੰ ਪਾਰਟੀ ਦਾ ਵਰਕਰ ਅਪਣਾਉਂਦਾ ਨਹੀਂ ਹੈ ਜਿਸ ਕਰਕੇ ਪਾਰਟੀ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਕੋਲ ਪੀ.ਪੀ.ਪੀ. ਦੀ ਤਰ੍ਹਾਂ ਹੀ ਜਥੇਬੰਦਕ ਢਾਂਚਾ ਨਹੀਂ ਹੈ। ਜੌਹਲ ਨੇ ‘ਆਪ’ ਦੀ ਮਾਘੀ ਦੀ ਸਿਆਸੀ ਕਾਨਫਰੰਸ ‘ਚ ਅਰਵਿੰਦ ਕੇਜਰੀਵਾਲ ਦੇ ਹੋਏ ਭਾਸ਼ਨ ਬਾਰੇ ਕਿਹਾ ਕਿ ਕੇਜਰੀਵਾਲ ਦਾ ਭਾਸ਼ਨ ਕਾਂਗਰਸੀਆਂ ਤੇ ਅਕਾਲੀਆਂ ਵਰਗਾ ਹੀ ਹੈ। ਉਹ ਮੁੱਦਿਆਂ ਦੀ ਥਾਂ ਨਿੱਜੀ ਹਮਲਿਆਂ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਮੁੱਦਿਆਂ ‘ਤੇ ਗੱਲ ਨਹੀਂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਕਾਮਰੇਡਾਂ ਤੇ ਸੁਰਜੀਤ ਬਰਨਾਲਾ ਨਾਲ ਸਮਝੌਤਾ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਹ ਨਾ ਲੈਫਟ ਰਿਹਾ ਤੇ ਨਾ ਹੀ ਰਾਈਟ। ਉਨ੍ਹਾਂ ਇਹ ਵੀ ਕਿਹਾ ਕਿ ਮਨਪ੍ਰੀਤ ਬਾਦਲ ਨਾਲ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਹਨ। ਜੌਹਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਦੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਨਾਲ ਕਾਂਗਰਸ ਪਾਰਟੀ ਨੂੰ ਚੋਣਾਂ ‘ਚ ਕੋਈ ਫਾਇਦਾ ਨਹੀਂ ਹੋਵੇਗਾ।


Blogger Comment