ਜਲੰਧਰ:20 ਜਨਵਰੀ 2016 : “ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਗੁੰਮਰਾਹਕੁਨ ਪ੍ਰਚਾਰ ਵਿੱਚ ਨਹੀਂ ਆਉਣਗੇ। ਜੇ ‘ਆਪ’ ‘ਚ ਹਿੰਮਤ ਹੈ ਤਾਂ ਉਹ ਖ਼ਡੂਰ ਸਾਹਿਬ ਵਿਧਾਨ ਸਭਾ ਚੋਣ ਲੜੇ।” ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ। ਬਾਦਲ ਨੇ ਕਿਹਾ ਕਿ ਤਲਵੰਡੀ ਸਾਬੋ ਤੇ ਪਟਿਆਲਾ ਉਪ ਚੋਣ ਵਿੱਚ ਲੋਕਾਂ ਵੱਲੋਂ ਪੂਰੀ ਤਰ੍ਹਾਂ ਨਕਾਰੇ ਜਾਣ ਪਿੱਛੋਂ ਆਮ ਆਦਮੀ ਪਾਰਟੀ ਚੋਣ ਲੜਨ ਤੋਂ ਹੀ ਭੱਜ ਗਈ ਹੈ।
ਉਨ੍ਹਾਂ ਕਿਹਾ ਕਿ ਰਵਾਇਤੀ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੁਕਾਬਲਾ ਹੋਵੇਗਾ, ਕਿਉਂਕਿ ਆਮ ਆਦਮੀ ਪਾਰਟੀ ਆਪਣੀ ਯਕੀਨੀ ਹਾਰ ਦੇ ਮੱਦੇਨਜ਼ਰ ਮੈਦਾਨ ਵਿੱਚੋਂ ਪਹਿਲਾਂ ਹੀ ਕਿਨਾਰਾ ਕਰ ਗਈ ਹੈ।
ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ ਕਾਂਗਰਸ ਨੂੰ ਹੀ ਵਿਰੋਧੀ ਮੰਨਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਆਪਣੇ ਵਾਅਦਿਆਂ ਤੋਂ ਉਲਟ ਸਾਰੇ ਫੈਸਲੇ ਨਿੱਜੀ ਹਿੱਤਾਂ ਨੂੰ ਮੁੱਖ ਰੱਖ ਕੇ ਕੀਤੇ ਗਏ ਹਨ ਤੇ ਪੰਜਾਬ ਦੇ ਲੋਕਾਂ ਦੀ ਭਲਾਈ ਤੇ ਵਿਕਾਸ ਲਈ ਉਨ੍ਹਾਂ ਕੋਲ ਕੋਈ ਏਜੰਡਾ ਹੀ ਨਹੀਂ ਹੈ।
ਉਨ੍ਹਾਂ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਨੂੰ ਲੋਕਮਾਰੂ ਦੱਸਦਿਆਂ ਬਾਦਲ ਨੇ ਕਿਹਾ ਕਿ ‘ਆਮ ਆਦਮੀ ਦੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਆਪਣੀ ਨਿੱਜੀ ਮਸ਼ਹੂਰੀ ਲਈ ਸਰਕਾਰੀ ਖਜ਼ਾਨੇ ਵਿੱਚੋਂ 532 ਕਰੋੜ ਰੁਪਏ ਖਰਚ ਕਰ ਰਹੇ ਹਨ ਜਦਕਿ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦਾ ਕੁੱਲ ਬਜਟ ਸਿਰਫ 20 ਕਰੋੜ ਰੁਪਏ ਹੈ’।
Blogger Comment