ਪੰਜਾਬ ਦੇ ਲੋਕ ਆਪਣੇ ਜੀਵਨ ਨਿਰਬਾਹ ਲਈ ਖੇਤੀ ਤੇ ਨਿਰਭਰ ਰਹੇ ਹਨ । ਸ਼ੁਰੂ ਤੋਂ ਹੀ ਬਹੁਗਿਣਤੀ ਲੋਕ ਘੱਟ ਜੋਤਾਂ ਦੇ ਮਾਲਕ ਰਹੇ ਹਨ ।ਤਾਜ਼ਾ ਅੰਕੜਿਆਂ ਦੇ ਅਨੁਸਾਰ ਵੀ 70 ਫੀਸਦੀ ਕਿਸਾਨ ਪੰਜ ਏਕੜ ਤੋਂ ਘੱਟ ਜੋਤਾਂ ਦੇ ਮਾਲਕ ਰਹਿ ਗਏ ਹਨ । ਇਹ ਘੱਟ ਜ਼ਮੀਨਾਂ ਦੇ ਮਾਲਕ ਜਾਂ ਵੱਡੇ ਪਰਿਵਾਰਾਂ ਵਾਲੇ ਪੁਰਾਣੇ ਸਮੇਂ ਤੋਂ ਹੀ ਆਪਣੀ ਆਮਦਨ ਵਿੱਚ ਵਾਧੇ ਦੇ ਲਈ ਵੱਡੇ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਲੈ ਕੇ ਖੇਤੀ ਕਰਦੇ ਰਹੇ ਹਨ । ਪਰ ਹਰੀ ਕ੍ਰਾਂਤੀ ਤੋਂ ਪਹਿਲਾਂ ਖਾਸ ਕਰਕੇ ਜਦੋਂ ਤੱਕ ਝੋਨਾਂ ਪੰਜਾਬ ਦੀ ਮੁੱਖ ਫਸਲ ਨਹੀਂ ਸੀ ਅੱਜ ਵਾਂਗ ਜਮੀਨ ਠੇਕਾ ਪ੍ਰਣਾਲੀ ਪ੍ਰਚੱਲਿਤ ਨਹੀਂ ਸੀ । ਖਾਸ ਕਰਕੇ ਹਿੱਸਾ , ਵਟਾਈ ਜਾਂ ਗਹਿਣੇ ਜ਼ਮੀਨਾਂ ਲੈਂਦੇ ਸਨ । ਹਿੱਸਾ ਪ੍ਰਣਾਲੀ ਵਿੱਚ ਮਾਲਕ ਨਾਲ ਉਤਪਾਦਨ ਦਾ ਅੱਧਾ ਜਾਂ ਜ਼ਮੀਨ ਅਨੁਸਾਰ 20ਵਾਂ ਜਾਂ ਸਹਿਮਤੀ ਅਨੁਸਾਰ ਦੋਨਾਂ ਧਿਰਾਂ ਵਿੱਚ ਹਿੱਸਾ ਨਿਰਧਾਰਿਤ ਕੀਤਾ ਜਾਂਦਾ । ਜਮੀਨ ਲੈਣ ਵਾਲੇ ਕਿਸਾਨ ਨੇ ਸਾਰਾ ਕੰਮ ਕਰਨਾਂ ਹੁੰਦਾ ਫਸਲ ਤੇ ਜੋ ਖਰਚ ਹੁੰਦਾ ਉਹ ਅੱਧਾ-ਅੱਧਾ ਵੰਡਿਆ ਜਾਂਦਾ । ਇਸ ਤਰਾਂ ਦੋਵਾਂ ਧਿਰਾ ਨੂੰ ਕੋਈ ਘਾਟਾ ਨਹੀਂ ਪੈਂਦਾ ਸੀ ਜਿੰਨੀ ਵੱਧ ਜਾਂ ਘੱਟ ਫਸਲ ਹੁੰਦੀ ਦੋਨਾਂ ਵਿੱਚ ਵੰਡੀ ਜਾਂਦੀ । ਜਮੀਨ ਦੇ ਮਾਲਕ ਜਿਆਦਾ ਮਿਹਨਤ ਕਰਨ ਵਾਲੇ ਲੋਕਾਂ ਨੂੰ ਆਪਣੀ ਜਮੀਨ ਦੇਣਾ ਚਾਹੁੰਦੇ । ਗਹਿਣੇ ਵਿੱਚ ਇੱਕ ਵਾਰ ਪੈਸੇ ਦੇ ਕੇ ਮੁੜ ਮਾਲਕ ਨੂੰ ਕੁਝ ਨਹੀਂ ਦੇਣਾ ਹੁੰਦਾ ਜਿੰਨਾਂ ਚਿਰ ਮਾਲਕ ਲਏ ਪੈਸੇ ਵਾਪਸ ਨਹੀਂ ਕਰਦਾ ।
ਪਰ ਝੋਨੇ ਦੀ ਖੇਤੀ ਤੋਂ ਬਾਅਦ ਇੱਹ ਹਿੱਸਾ ਪ੍ਰਣਾਲੀ ਖਤਮ ਹੋ ਗਈ ਜਮੀਨ ਪ੍ਰਤੀ ਏਕੜ ਪੈਸਿਆਂ ਨਾਲ ਲੋਕ ਲੈਣ ਲੱਗੇ ਜਿਸ ਨੂੰ ਠੇਕਾ ਪ੍ਰਣਾਲੀ ਦਾ ਨਾਂ ਦਿੱਤਾ ਗਿਆ । ਸ਼ੁਰੂਆਤੀ ਸਾਲਾਂ ਲਗਭਗ 1999-2000 ਤੱਕ ਇਹ ਸਿਸਟਮ ਵੀ ਠੀਕ ਰਿਹਾ ਕਿਉਂਕਿ ਪਾਣੀ ਦਾ ਪੱਧਰ ਉੱਚਾ ਸੀ ,ਜਮੀਨਾਂ ਦੀ ਸਿਹਤ ਠੀਕ ਕਰਕੇ ਖਰਚ ਘੱਟ ਸੀ , ਠੇਕਾ ਕੀਮਤ ਵੀ ਠੀਕ ਸੀ ।ਪਰ ਜਿਉਂ ਹੀ ਜੋਤਾਂ ਹੋਰ ਘਟੀਆਂ ਕੋਈ ਹੋਰ ਰੁਜ਼ਗਾਰ ਨਾਂ ਹੋਣ ਕਰਕੇ ਘੱਟ ਜ਼ਮੀਨੇ ਲੋਕਾਂ ਨੇ ਆਮਦਨ ਲਈ ਠੇਕੇ ਤੇ ਜ਼ਮੀਨਾਂ ਲੈ ਖੇਤੀ ਕਰਨੀ ਸ਼ੁਰੂ ਕਰ ਦਿੱਤੀ । ਜਿਸ ਨਾਲ ਨਾਂ ਸਿਰਫ ਠੇਕਾ ਕੀਮਤਾਂ ਵਧੀਆਂ ਬਲਕਿ ਉਤਪਾਦਨ ਲਾਗਤਾਂ ਵਿੱਚ ਭਾਰੀ ਵਾਧਾ ਹੋਇਆ । ਜਿਸਨੇ ਖੇਤੀ ਕਰਨ ਵਾਲੇ ਕਿਸਾਨਾਂ ਦਾ ਲੱਕ ਤੋੜ ਦਿੱਤਾ । ਬਹੁਤ ਸਾਰੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਹੱਥ ਧੋਣੇ ਪਏ । ਉਹ ਮਜ਼ਦੂਰ ਸ਼੍ਰੇਣੀ ਵਿੱਚ ਸ਼ਾਮਿਲ ਹੋ ਗਏ ਇਸ ਪ੍ਰਥਾ ਨੇ ਕਿਸਾਨੀ ਆਤਮ ਹੱਤਿਆਵਾਂ ਨੁੰ ਬਹੁਤ ਜ਼ਿਆਦਾ ਹਵਾ ਦਿੱਤੀ ।
ਜੇ ਅੱਜ ਦੇ ਸੰਦਰਭ ਵਿੱਚ ਦੇ ਦੇਖਿਆ ਜਾਵੇ ਪੰਜਾਬ ਵਿੱਚ ਪ੍ਰਤੀ ਏਕੜ ਠੇਕਾ ਲੱਗਭਗ 52000 ਹੈ । ਜਿਸ ਉੱਪਰ ਝੋਨੇ ਤੇ 2000 ਰੁ. ਵਹਾਈ ਤੇ ਕੱਦੂ ਦਾ ਖਰਚ , 2500 ਰੁ. ਲਵਾਈ , 3500 ਰੁ. ਰੇਹ ਤੇ ਦਵਾਈਆਂ (ਨਦੀਨ ਤੇ ਕੀਟਨਾਸ਼ਕ, ਉੱਲੀਨਾਸ਼ਕ) ਦਾ ਖਰਚ ਹੇ ਕੋਈ ਵਾਧੂ ਬਿਮਾਰੀ ਨਾਂ ਲੱਗੇ , 1000 ਰੁ. ਡੀਜ਼ਲ ਖਰਚ ਜੇ ਬਿਜ਼ਲੀ ਮੁਫਤ ਹੈ ਤਾਂ ਅਤੇ 1500 ਰੁ. ਕਟਾਈ ਤੇ ਕਰਚੇ ਵਢਾਈ ਇਹ ਬਿਨਾਂ ਆਪਣੀ ਲੇਬਰ ਤੋਂ ਕੁੱਲ ਬਣ ਗਿਆ 62500 ਰੁ. । ਜੇਕਰ ਪਿਛਲੇ ਸਾਲ ਦੀ ਤਰਾਂ ਬੰਪਰ ਫਸਲ ਹੋਵੇ 32 ਕੁਇੰਟਲ ਪ੍ਰਤੀ ਏਕੜ 1530 ਰੁ. ਦੇ ਨਵੇਂ ਭਾਅ ਨਾਲ ਕੁੱਲ ਆਮਦਨ ਹੋਵੇਗੀ 48960 ਰੁਪਏ । ਇਸ ਤਰਾਂ ਸਾਉਣੀ ਵਿੱਚੋਂ ਪ੍ਰਤੀ ਏਕੜ੍ਹ ਸ਼ੁੱਧ ਘਾਟਾ ਹੋਵੇਗਾ 13548 ਰੁ. ਹੋਵੇਗਾ । ਹਾੜ੍ਹੀ ਕਣਕ ਤੇ ਖਰਚ ਹੋਵੇਗਾ 2000 ਰੁ. ਵਹਾਈ ਤੇ ਬੀਜ਼ ਬਿਜਾਈ , 3000 ਰੁ. ਰੇਹ ਤੇ ਦਵਾਈ (ਨਦੀਨ ਤੇ ਕੀਟਨਾਸ਼ਕ) ਅਤੇ ਕਟਾਈ 1000 ਰੁ. ਕੁੱਲ ਬਣਿਆਂ 6000+13548 = 19548 । ਕਣਕ ਦਾ ਝਾੜ੍ਹ ਜੇ ਪਿਛਲੇ ਸਾਲ ਦੀ ਤਰਾਂ ਠੀਕ ਰਹੇ ਪ੍ਰਤੀ ਏਕੜ੍ਹ 18 ਕੁਇੰਟਲ ਭਾਅ 1530 ਤਾਂ ਆਮਦਨ ਬਣੇਗੀ 27540 , ਪਿਛਲਾ ਘਾਟਾ ਅਤੇ ਕਣਕ ਦਾ ਖਰਚ 19548 ਇਸ ਤਰਾਂ 27540-19548 = 7992 ਕੁੱਲ ਬੱਚਤ ਬਣੀ 7992 ਰੁ. ਪ੍ਰਤੀ ਏਕੜ੍ਹ ਇਹ ਸਿਰਫ ਮੋਟੇ ਖਰਚ ਹਨ ਇਸ ਤੋਂ ਬਿਨਾਂ ਕਿਸਾਨ ਤੇ ਪੂਰੇ ਪਰਿਵਾਰ ਦੀ ਮਜ਼ਦੂਰੀ-ਮਿਹਨਤ ਸ਼ਾਮਿਲ ਨਹੀਂ । ਖੇਤੀ ਮਸ਼ੀਨਰੀ ਦੀ ਟੁੱਟ ਭੱਜ , ਸਾਂਭ ਸੰਭਾਲ ਦਾ ਖਰਚ , ਬਿਜ਼ਲੀ ਮੋਟਰ-ਟਰਾਂਸਫਾਰਮ ਦੀ ਸੜ੍ਹ-ਸੜ੍ਹਾਈ ਵੱਖਰੀ ਹੋਵੇਗੀ । ਬਿਜ਼ਲੀ-ਪਾਣੀ ਦਾ ਖਰਚ ਸ਼ਾਮਲ ਨਹੀਂ ਹੈ । ਕੁਦਰਤੀ ਆਫਤਾਂ ਕੁਦਰਤ ਦੇ ਰਹਿਮ ਤੇ ਹਨ । ਉਕਤ ਅੰਕੜਿਆਂ ਤੋਂ ਸਾਫ ਹੈ ਖੇਤੀ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਹੀ ਹੈ ਸੂਬੇ ਵਿੱਚ ਬਦਲਵੇਂ ਰੁਜ਼ਗਾਰ ਪ੍ਰਬੰਧ ਦੀ ਫੌਰੀ ਜ਼ਰੂਰਤ ਹੈ ਕਿਸਾਨਾਂ ਨੂੰ ਵੀ ਜ਼ਮੀਨ ਠੇਕੇ ਤੇ ਲੈਣ ਲੱਗਿਆਂ ਸੋਚਣਾ ਚਾਹੀਦਾ ਹੈ । ਛੋਟੀ ਕਿਸਾਨੀ ਖੇਤੀ ਸੈਕਟਰ ਵਿੱਚੋਂ ਬਾਹਰ ਜਾ ਰਹੀ ਹੈ ਕਿਸਾਨ ਖੁਦਕੁਸ਼ੀਆਂ ਦੀ ਪ੍ਰਕ੍ਰਿਆ ਤੇਜ਼ ਹੋ ਰਹੀ ਹੈ ਹਰ ਰੋਜ਼ ਔਸਤ ਤਿੰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਇੱਕ ਦਹਾਕੇ 6926 ਕਿਸਾਨ ਸਰਕਾਰੀ ਅੰਕੜਿਆਂ ਅਨੁਸਾਰ ਮੌਤ ਦੇ ਮੂੰਹ ਵਿੱਚ ਜਾ ਪਏ ਹਨ । ਪਰ ਅਸਲ ਸਥਿਤੀ ਹੋਰ ਵੀ ਗੰਭੀਰ ਹੈ । 70 ਫੀਸਦੀ ਕਿਸਾਨੀ ਨੂੰ ਬਚਾਉਣ ਲਈ ਠੋਸ ਤੇ ਫੌਰੀ ਉਪਰਾਲਿਆਂ ਦੀ ਜ਼ਰੂਰਤ ਹੈ ।
ਪ੍ਰੋ. ਹਰਜਿੰਦਰ ਭੋਤਨਾ
ਪਿੰਡ-ਭੋਤਨਾ(ਬਰਨਾਲਾ) ,
ਫੋਨ 9463512720

Blogger Comment