ਵਿਕੀਪੀਡੀਆ ਏਸ਼ੀਆਈ ਮਹੀਨਾ ਏਸ਼ੀਆਈ ਵਿਕੀਪੀਡੀਆ ਭਾਈਚਾਰਿਆਂ ਵਿੱਚ ਇੱਕ ਆਨਲਾਈਨ ਐਡਿਟਾਥਾਨ ਹੈ। ਇਸ ਵਿਚ ਹਰ ਵਿਕੀਪੀਡੀਆ ਆਪਣੇ ਮੁਲਕ ਤੋਂ ਬਿਨਾਂ ਕਿਸੇ ਹੋਰ ਏਸ਼ੀਆਈ ਮੁਲਕ ਨਾਲ ਸੰਬੰਧਿਤ ਲੇਖ ਬਣਾਉਂਦਾ ਹੈ। ਇਹ ਐਡਿਟਾਥਾਨ ਪਹਿਲੀ ਵਾਰ ਨਵੰਬਰ 2015 ਵਿਚ ਹੋਇਆ ਸੀ ਜਿਸ ਵਿਚ 43 ਭਾਸ਼ਾਵਾਂ ਤੋਂ 1286 ਲੋਕਾਂ ਨੇ ਭਾਗ ਲਿਆ ਅਤੇ ਏਸ਼ੀਆਈ ਮੁਲਕਾਂ ਬਾਰੇ 6096 ਨਵੇਂ ਲੇਖ ਬਣਾਏ। ਇਸ ਵਿਚ ਪੰਜਾਬੀ ਭਾਈਚਾਰੇ ਦੇ ਵੀ 20 ਵਰਤੋਂਕਾਰਾਂ ਨੇ ਇਸ ਵਿਚ ਭਾਗ ਲਿਆ ਸੀ ਅਤੇ 190 ਨਵੇਂ ਲੇਖ ਬਣਾਏ ਸਨ। ਇਸ ਸਭ ਦੌਰਾਨ 190 ਨਵੇਂ ਲੋਕ ਵਿਕੀਪੀਡੀਆ ਸਮੁਦਾਇ ਨਾਲ ਪਹਿਲੀ ਵਾਰ ਜੁੜੇ ਅਤੇ ਉਹਨਾਂ ਮੁਕਾਬਲੇ ਵਿਚ ਵੀ ਸ਼ਿਰਕਤ ਕੀਤੀ। ਕੁਲ ਮਿਲਾ ਕੇ ਏਸ਼ੀਆ ਸੰਬੰਧੀ ਗਿਆਨ ਨੂੰ ਇੰਟਰਨੈੱਟ ਦੇ ਪੱਧਰ ‘ਤੇ ਪ੍ਰਫੁੱਲਿਤ ਕਰਨ ਦਾ ਇਹ ਬਹੁਤ ਸਫਲ ਉਪਰਾਲਾ ਰਿਹਾ।
ਇਸ ਐਡਿਟਾਥਾਨ ਦਾ ਮਕਸਦ ਪੰਜਾਬੀ ਵਿਕੀਪੀਡੀਆ ਉੱਤੇ ਭਾਰਤ ਤੋਂ ਬਿਨਾਂ ਬਾਕੀ ਏਸ਼ੀਆਈ ਮੁਲਕਾਂ ਬਾਰੇ ਲੇਖਾਂ ਦੀ ਗਿਣਤੀ ਅਤੇ ਗੁਣ ਵਿੱਚ ਵਾਧਾ ਕਰਨਾ ਹੈ। ਲੇਖ ਦਾ ਸੰਬੰਧ ਕਿਸੇ ਵੀ ਏਸ਼ੀਆਈ ਮੁਲਕ ਨਾਲ ਹੋ ਸਕਦਾ ਹੈ ਪਰ ਇਸ ਐਡਿਟਾਥਾਨ ਵਿਚ ਪ੍ਰਮੱਖ ਤੋਰ ‘ਤੇ ਚੀਨ, ਫਿਲੀਪਾਈਨਸ, ਕੰਸਾਈ, ਤਾਈਵਾਨ, ਹਾਂਗ ਕਾਂਗ, ਬੰਗਲਾਦੇਸ਼, ਕੋਰੀਆ ਆਦਿ ਸੰਯੋਜਕ ਵਜੋਂ ਸ਼ਾਮਿਲ ਹਨ। ਹਰ ਉਸ ਵਰਤੋਂਕਾਰ ਨੂੰ ਬਾਕੀ ਮੁਲਕਾਂ ਵੱਲੋਂ ਇੱਕ ਵਿਕੀਪੀਡੀਆ ਪੋਸਟਕਾਰਡ ਭੇਜਿਆ ਜਾਵੇਗਾ ਜੋ ਘੱਟੋ-ਘੱਟ ਚਾਰ ਲੇਖ ਬਣਾਏਗਾ। ਹਰ ਵਿਕੀਪੀਡੀਆ ਉੱਤੇ ਸਭ ਤੋਂ ਵੱਧ ਲੇਖ ਬਣਾਉਣ ਵਾਲੇ ਵਿਕੀਪੀਡੀਅਨ ਨੂੰ ‘ਵਿਕੀਪੀਡੀਆ ਏਸ਼ੀਆਈ ਅੰਬੈਸਡਰ’ ਵਜੋਂ ਸਨਮਾਨਿਤ ਕੀਤਾ ਜਾਵੇਗਾ।
ਲੇਖਾਂ ਦੇ ਵਿਸ਼ੇ ਉੱਪਰ ਕੋਈ ਬੰਦਿਸ਼ ਨਹੀਂ ਹੈ। ਲੇਖ ਚੁਣਨ ਲਈ ਕਿਸੇ ਵੀ ਏਸ਼ੀਆਈ ਦੇਸ਼ ਦੇ ਭੂਗੋਲ, ਸਭਿਆਚਾਰ, ਸਾਹਿਤ, ਰਾਜਨੀਤੀ, ਇਤਿਹਾਸ, ਧਰਮ, ਦਰਸ਼ਨ, ਕਲਾ, ਸਿਨੇਮਾ, ਖੇਡਾਂ, ਪਹਿਰਾਵਾ, ਖਾਣ ਪੀਣ ਦੀਆਂ ਵਸਤਾਂ ਨੂੰ ਚੁਣਿਆ ਜਾ ਸਕਦਾ ਹੈ।
ਇਸ ਐਡਿਟਾਥਾਨ ਵਿਚ ਲੇਖ ਬਣਾਉਣ ਦੀਆਂ ਕੁਝ ਜਰੂਰੀ ਸ਼ਰਤਾਂ ਹਨ। ਲੇਖ ਨਵਾਂ ਬਣਿਆ ਹੋਵੇ ਅਤੇ ਇਹ 1 ਨਵੰਬਰ 2016 ਤੋਂ 30 ਨਵੰਬਰ 2016 ਦੇ ਦਰਮਿਆਨ ਹੀ ਬਣਿਆ ਹੋਵੇ। ਲੇਖ ਦੇ ਅਕਾਰ ਪੱਖੋਂ ਸੀਮਾ 3000 ਬਾਈਟਸ (300 ਸ਼ਬਦ) ਨੀਅਤ ਕੀਤੀ ਗਈ ਹੈ ਅਤੇ ਹਵਾਲੇ ਅਤੇ ਟਿੱਪਣੀਆਂ ਨੂੰ ਇਸ ਸੀਮਾ ਤੋਂ ਬਾਹਰ ਰੱਖਿਆ ਗਿਆ ਹੈ। ਹੋਰ ਜਰੂਰੀ ਸ਼ਰਤਾਂ ਅਤੇ ਜਾਣਕਾਰੀ ਬਾਰੇ ਪੰਜਾਬੀ ਵਿਕੀਪੀਡੀਆ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਮਹੀਨੇ ਦੇ ਅੰਤ ਵਿਚ ਲੇਖਾਂ ਨੂੰ ਵਿਚਾਰਿਆ ਜਾਵੇਗਾ ਅਤੇ ਨਤੀਜੇ ਐਲਾਨੇ ਜਾਣਗੇ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਭਾਈਚਾਰਾ ਇਸ ਐਡਿਟਾਥਾਨ ਪ੍ਰਤੀ ਵੱਡੇ ਹੁੰਗਾਰੇ ਦੀ ਆਸ ਕਰਦਾ ਹੈ।
ਗੁਰਬਖਸ਼ੀਸ਼ ਚੰਦ
(91-98884-16508)

Blogger Comment