ਚੰਡੀਗੜ੍ਹ/ਨਵੀਂ ਦਿੱਲੀ: ਕਾਂਗਰਸ ਨੇ ਭਾਵੇਂ ਪੰਜਾਬ ਮਾਮਲਿਆਂ ਦੀ ਇੰਚਾਰਜੀ ਤੋਂ ਸੀਨੀਅਰ ਲੀਡਰ ਕਮਲ ਨਾਥ ਦੇ ਅਸਤੀਫੇ ਨਾਲ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਵਿਰੋਧੀ ਧਿਰਾਂ ਨੂੰ ਬੈਠੇ ਬਠਾਏ ਮੁੱਦਾ ਜ਼ਰੂਰ ਮਿਲ ਗਿਆ ਹੈ। ਬੀਜੇਪੀ ਨੇ ਵੀਰਵਾਰ ਨੂੰ ਇਸ ਬਾਰੇ ਕਿਹਾ ਹੈ ਕਿ ਕਮਲ ਨਾਥ ਦੇ ਅਸਤੀਫੇ ਨਾਲ ਸਪਸ਼ਟ ਹੋ ਗਿਆ ਹੈ ਕਿ ਉਨ੍ਹਾਂ ਦੀ ਸਿੱਖ ਕਤਲੇਆਮ ਵਿੱਚ ਸ਼ਮੂਲੀਅਤ ਸੀ।
ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਹੈ ਕਿ ਕਮਲ ਨਾਥ ਦੀ ਪੰਜਾਬ ਮਾਮਲਿਆਂ ਦੇ ਇੰਚਾਰਜ ਵਜੋਂ ਨਿਯੁਕਤੀ ਕਰਕੇ ਕਾਂਗਰਸ ਨੇ ਪੰਜਾਬੀਆਂ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੇ ਦੋ ਚੀਜ਼ਾਂ ਸਾਹਮਣੇ ਲਿਆਂਦੀਆਂ ਹਨ। ਪਹਿਲੀ ਇਹ ਕਿ ਕਮਲ ਨਾਥ ਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ ਹੈ। ਦੂਜਾ ਇਹ ਕਿ ਕਾਂਗਰਸੀ ਲੀਡਰਸ਼ਿਪ ਅਕਲ ਪੱਖੋਂ ਇੰਨੀ ਕੰਗਾਲ ਹੋ ਗਈ ਹੈ ਕਿ ਵਿਵਾਦਾਂ ਵਿੱਚ ਘਿਰੇ ਕਮਲ ਨਾਥ ਨੂੰ ਹੀ ਪੰਜਾਬ ਮਾਮਲਿਆਂ ਦਾ ਇੰਚਾਰਜ ਲਾ ਦਿੱਤਾ।
ਉਧਰ, ਪਤਾ ਲੱਗਾ ਹੈ ਕਿ ਕਮਲ ਨਾਥ ਦੀ ਨਿਯੁਕਤੀ ਦਾ ਪਾਰਟੀ ਦੇ ਅੰਦਰੋਂ ਵੀ ਵੱਡਾ ਵਿਰੋਧ ਹੋਇਆ ਹੈ। ਬੇਸ਼ੱਕ ਕੈਪਟਨ ਅਮਰਿੰਦਰ ਨੇ ਉਨ੍ਹਾਂ ਦਾ ਬਚਾਅ ਕੀਤਾ ਪਰ ਪੰਜਾਬ ਦੇ ਕਈ ਲੀਡਰ ਇਸ ਫੈਸਲੇ ਤੋਂ ਖੁਸ਼ ਨਹੀਂ ਸਨ। ਕਾਂਗਰਸ ਨੇ ਵੱਡਾ ਮੁੱਦਾ ਬਣਨ ਤੋਂ ਪਹਿਲਾਂ ਕਮਲ ਨਾਥ ਦਾ ਅਸਤੀਫਾ ਲੈ ਲਿਆ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬੇਸ਼ੱਕ ਕਾਂਗਰਸ ਨੇ ਮੌਕਾ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਮਾਮਲੇ ਦਾ ਦੂਰਗਾਮੀ ਅਸਰ ਜ਼ਰੂਰ ਪਏਗਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਮਲ ਨਾਥ ਦੀ ਪਿੱਠ ਥਾਪੜਣੀ ਵੀ ਸਿੱਖਾਂ ਨੂੰ ਚੁੱਭੀ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਇਸ ਨੂੰ ਕਾਂਗਰਸ ਤੇ ਖਾਸਕਰ ਕੈਪਟਨ ਖਿਲਾਫ ਜ਼ਰੂਰ ਵਰਤੇਗੀ।
Blogger Comment