8 ਮਈ : ਇਹਨਾਂ ਦਿਨਾਂ ਚ' ਪੰਜਾਬ ਨਾਲ ਜੁੜੇ ਹਰ ਇਨਸਾਨ ਕੋਲ ਪੰਜਾਬ ਵਿਧਾਨ ਸਭਾ 2017 ਦੀ ਚਰਚਾ ਹੈ | ਹਰ ਵਿਅਕਤੀ ਦੇ ਆਪਣੇ ਦਾਅਵੇ ਨੇ ਆਪਣੇ ਸੁਆਲ ਨੇ ਤੇ ਆਪਣੀ ਹੀ ਸਿਆਸੀ ਪਹੁੰਚ ਵੀ ਹੈ | ਪੂਰੇ ਆਲੇ ਦੁਆਲੇ ਕਾਂਵਾ ਰੌਲੀ ਪਈ ਹੋਈ ਹੈ | ਪੁਰਾਣਿਆ ਨੂੰ ਭੰਡਿਆ ਜਾ ਰਿਹਾ ਹੈ | ਨਵੇਂ ਸਿਆਸੀ ਦਲ ਨੂੰ ਮੌਕੇ ਦੇ ਹੋਕਰੇ ਚਾਰੇ ਪਾਸੇ ਵਜ ਰਹੇ ਹਨ | ਇਸ ਸਾਰੇ ਸਿਆਸੀ ਮਾਹੌਲ ਵਿਚ ਪੰਜਾਬ ਕਿਥੇ ਹੈ? ਪੰਜਾਬ ਦੇ ਮਸਲੇ ਕੀ ਨੇ , ਉਹ ਨਜਿਠੇ ਕਿਵੇਂ ਜਾਣਗੇ | ਪਰ ਇਥੇ ਉਹਨਾਂ ਸਾਰੀਆਂ ਮੁਸ਼ਕਲਾ ਦੀ ਚਰਚਾ ਦੀ ਬਿਜਾਏ ਪੋਤੜੇ ਫਰੋਲਣ ਦੀ ਕਵਾਇਦ ਤੇਜ਼ ਹੁੰਦੀ ਜਾ ਰਹੀ ਹੈ | ਸੋ ਇਸ ਕਵਾਇਦ ਨੂੰ ਵਿਰਾਮ ਲਾਉਣ ਲਈ ਅਗੇ ਆਉਣਾ ਪਵੇਗਾ ਅਤੇ ਬੀਤੇ ਨਾਲੋਂ ਭਵਿਖ ਦੀ ਚਰਚਾ ਕਰਨੀ ਪਵੇਗੀ | ਇਸ ਸਮੇਂ ਪੰਜਾਬ ਦੇ 30 ਲਖ ਕਿਸਾਨ ਪਰਿਵਾਰ ਉਜਾੜੇ ਦੀ ਸਥਿਤੀ ਵਿਚ ਲੜਨ ਨਾਲੋ ਮਰਨ ਨੂੰ ਪਹਿਲ ਦੇ ਰਹੇ ਹਨ | ਹਰ ਰੋਜ਼ ਤਿੰਨ ਤੋਂ ਚਾਰ ਖੁਦਕੁਸ਼ੀਆਂ ਅਖ਼ਬਾਰਾ ਦਾ ਸ਼ਿੰਗਾਰ ਬਣ ਰਹੀਆਂ ਨੇ , 1 ਜਨਵਰੀ ਤੋਂ 30 ਅਪਰੈਲ ਤਕ ਸਰਕਾਰੀ ਅੰਕੜਿਆਂ ਮੁਤਾਬਿਕ 167 ਕਿਸਾਨ ਮੌਤ ਨੂੰ ਗਲੇ ਲਗਾ ਚੁਕੇ ਹਨ | ਪੰਜਾਬ ਦਾ ਮਜਦੂਰ ਵਰਗ ਰੁਜਗਾਰ ਦੇਣ ਦੀ ਜਗਾ ਸਰਕਾਰੀ ਸਕੀਮਾਂ (ਆਟਾ ਦਾਲ,ਸ਼ਗਨ ਸਕੀਮ ) ਦੇ ਲੌਲੀਪੋਪ ਨੇ ਭਿਖਾਰੀ ਬਣਾ ਦਿਤਾ ਹੈ | ਪੰਜਾਬ ਦੇ ਤਕਰੀਬਨ 20 ਲਖ ਨੌਜਵਾਨ ਕਾਗਜੀ ਡਿਪਲੋਮੇ ਡਿਗਰੀਆਂ ਪਾਈ ਸਰਕਾਰ ਦੇ ਮੂੰਹ ਵਲ ਦੇਖ ਰਹੇ ਹਨ | ਇਸ ਕੁੱਤੇ ਝਾਕ ਦਾ ਰਾਹ ਨਸ਼ੇ ,ਜੁਰਮ ,ਪਰਿਵਾਰਕ ਕਲੇਸ਼ ਅਤੇ ਪਰਵਾਸ ਵਾਲੇ ਪਾਸੇ ਜਾ ਨਿਕਲਦਾ ਹੈ | ਪੰਜਾਬ ਵਿਚ ਪੀਣ ਵਾਲਾ ਪਾਣੀ ਜ਼ਹਿਰ ਬਣ ਚੁਕਾ ਹੈ,ਧਰਤੀ ਬਾਂਝ ਹੋ ਰਹੀ ਹੈ, ਹਵਾ ਹਜ਼ਾਰਾ ਬਿਮਾਰੀਆਂ ਨੂੰ ਨਾਲ ਲਈ ਫਿਰਦੀ ਹੈ | ਇਹ ਸਾਰੇ ਮਸਲੇ ਸਤਾ ਤਬਦੀਲੀ ਜਾਂ ਇਕ ਪਰਿਵਾਰ ਨੂੰ ਗੱਦੀ ਤੋਂ ਉਤਾਰ ਹੱਲ ਹੋਣ ਵਾਲੇ ਨਹੀ ਹਨ | ਇਹ ਸਭ ਭਰਿਸ਼ਟ ਸਿਆਸੀ ਤੇ ਸਮਾਜਿਕ ਢਾਂਚੇ ਵਿਚੋ 69 ਸਾਲ ਵਿੱਚ ਪੈਦਾ ਹੋਏ ਹਨ| ਜਿਸ ਲਈ ਖੂੰਡੇ ,ਚੁਟਕਲੇ,ਯਾਤਰਾਵਾਂ ਅਤੇ ਸੰਗਤ ਦਰਸ਼ਨਾ ਨੇ ਕੁਝ ਨਹੀ ਕਰਨਾ| ਸਗੋਂ ਬਹੁ ਸੂਤਰੀ ਪਰੋਗਰਾਮ ,ਵਿਜ਼ਨ ਤੇ ਠੋਸ ਏਜੰਡੇ ਰਾਹੀ ਨਿਕਲਕੇ ਸਾਹਮਣੇ ਆ ਸਕਦਾ ਹੈ | ਪਰ ਸਾਡੇ ਲੋਕਾਂ ਦੇ ਸਵਾਲ ਬੀਤੇ ਸਮੇਂ ਦੇ ਆਗੂਆਂ ਨੂੰ ਜੇਲ ਭੇਜਣ ਤਕ ਮਹਿਦੂਦ ਨੇ ,(ਜਿਸਦੇ ਉਹ ਖੁਦ ਵੀ ਬਰੋਬਰ ਦੇ ਦੋਸ਼ੀ ਨੇ ,ਕਿਉਕਿ ਨਖਿੱਧ ਤੇ ਭਰਿਸ਼ਟ ਆਗੂ ਉਹਨਾਂ ਦੀ ਹੀ ਦੇਣ ਹਨ) ਸਾਡੇ ਲੋਕ ਭਵਿਖ ਨੂੰ ਲੈ ਕੇ ਸਵਾਲ ਕਰਨ ਤੋਂ ਝਿਜਕਦੇ ਹਨ | ਉਹਨਾਂ ਦੀ ਜੁਬਾਨ ਤੇ ਪੰਜਾਬ ਦੇ ਸਮੁੱਚੇ ਸੰਕਟ ਨੂੰ ਲੈ ਕੇ ਪਰੋਗਰਾਮ ਮੰਗਣ ਦੀ ਹਿੰਮਤ ਕਿਧਰੇ ਗੁਆਚ ਗਈ ਹੈ | ਇਸ ਸਮੁਚੇ ਸਿਲਸਿਲੇ ਵਿਚ ਪਰਵਾਸੀ ਭਾਈਚਾਰਾ,ਜਿਸ ਪਿਛਲੇ ਸਮੇਂ ਦੁਰਾਨ ਪੰਜਾਬ ਦੀ ਸਿਆਸੀ ਤੇ ਸਮਾਜਿਕ ਜਮੀਨ ਤੇ ਆਪਣੀ ਛਾਪ ਛਡੀ ਹੈ| ਉਹ ਵੀ ਅਸਥਾਈ ਬਦਲ ਦੇ ਪਰੋਗਰਾਮ ਦੀ ਹਿਮਾਇਤ ਵਿਚ ਝੰਡੇ ਤਾਣੀ ਹੋਕਰੇ ਮਾਰ ਰਿਹਾ ਹੈ| ਉਹਨਾ ਦੀ ਆਪਣੀ ਜਨਮ ਭੋਇੰ ਨਾਲ ਜੁੜੀ ਭਾਵਨਾ ਦੀ ਕਦਰ ਕਰਨੀ ਬਣਦੀ ਹੈ | ਪਰ ਨਾਲ ਦੀ ਨਾਲ ਸੁਹਿਰਦ ਯਤਨਾਂ ਦੀ ਘਾਟ ਮੁਖ ਧਰਾਵੀ ਨੇਤਾਵਾਂ ਨੂੰ ਚਾਅ ਚਾੜ ਰਹੀ ਹੈ | ਉਹਨਾਂ ਪਿਛਲੇ ਸਮੇਂ ਤੋਂ ਸਿਆਸੀ ਟੂਰਿਜਮ ਸ਼ੁਰੂ ਕੀਤਾ ਹੋਇਆ ਹੈ | ਜਿਸ ਵਿਚ ਪਰਵਾਸੀ ਆਪਣੇ ਸ਼ਕਤੀ ਪਰਦਰਸ਼ਣ, ਨਿੱਕੀਆਂ ਰੈਲੀਆਂ,ਲੋਕਲ ਕਵਰੇਜ ਰਾਹੀ ਭਾਰਤੀ ਸਿਆਸੀ ਸਿਲਸਿਲੇ ਦਾ ਸ਼ਿੰਗਾਰ ਬਣਨ ਦੀ ਕੋਸ਼ਿਸ ਵਿਚ ਲਗੇ ਹੋਏ ਹਨ | ਉਹਨਾਂ ਦੇ ਮਨਾਂ ਵਿਚ ਇਹ ਸਵਾਲ ਪਤਾ ਨਹੀ ਕਿਹੜੇ ਖੰਭ ਲਾ ਉਡ ਗਏ ਕਿ ਉਹ ਕਿਹੜੇ ਕਾਰਨ ਸਨ | ਜਿਹੜੇ ਉਹ ਪਰਦੇਸੀ ਹੋਏ? ਆਪਣੇ ਦੇਸ਼ ਵਿਚ ਸਭ ਕੁਛ ਹੁੰਦਿਆ ਉਹ ਅਸਫ਼ਲ ਸਨ ਤੇ ਪਰਦੇਸ ਵਿਚ ਖਾਲੀ ਹਥ ਆਕੇ ਵੀ ਕਾਮਯਾਬੀ ਦੇ ਨਵੇਂ ਸਿਰਨਾਵੇਂ ਲਿਖਣ ਵਿਚ ਕਾਮਯਾਬ ਹੋਏ | ਸਾਡੇ ਪਰਵਾਸੀ ਦੋਸਤ ਖੁਸ਼ ਹੁੰਦੇ ਹਨ | ਜਦੋਂ ਕੋਈ ਭਾਰਤ ਤੋਂ ਮੂਰਖ ਬਣਾਉਣ ਤੇ ਭਵਿਖ ਚਮਕਾਉਣ ਆਇਆ ਆਗੂ ਕਹਿੰਦਾ ਹੈ| ਉਸਦੀ ਰੂਹ ਪੰਜਾਬੀਆਂ ਦੀ ਪਰਦੇਸ਼ ਵਿਚ ਕਾਮਯਾਬੀ ਨੂੰ ਦੇਖ ਅਸੰ ਅਸੰ ਕਰ ਉੱਠੀ | ਇਹ ਖੁਦੀ ਦੀ ਸਿਫ਼ਤ ਕਿਸ ਭਵਿੱਖ ਦੀ ਪੇਸ਼ਨਗੋਈ ਕਰਦੀ ਹੈ? ਇਸ ਸੰਪਾਦਕੀ ਦਾ ਮੰਤਵ ਤੁਹਾਡੇ ਮਨਾਂ ਚ' ਪੰਜਾਬ ਦੇ ਭਵਿੱਖੀ ਸੰਕਟ ਦੇ ਹਲ ਲਈ ਉਪਾਅ ਤੇ ਸੁਆਲ ਉਪਜਦੇ ਕਰਨੇ ਹਨ ਤਾਂ ਕਿ ਇਸ ਸੰਵਾਦ ਨੂੰ ਚਿੰਤਨ ਦੀ ਪੁਠ ਰਾਹੀ ਨਿਰੋਆ ਕਰਕੇ ਕਛਾ ਵਜਾਉਦੇਂ ਨਾਹਰੇ ਬਾਜ ਟੋਲੇ ਨੂੰ ਘੇਰਿਆ ਜਾ ਸਕੇ | ਅਗਲੀ ਬਾਰ ਖੇਤੀ ਸੰਕਟ ਦੇ ਹੱਲ ਲਈ ਤੁਹਾਡੇ ਵਿਜ਼ਨ ਨੂੰ ਸ਼ਾਮਿਲ ਕਰਨ ਦੀ ਤਲਬ ਰਹੇਗੀ | 

ਤਰਨਦੀਪ ਬਿਲਾਸਪੁਰ
(0064)220491964
Blogger Comment