ਪਿਛਲੇ ਹਫ਼ਤੇ ਕੋਹਿਨੂਰ ਹੀਰੇ ਦੀ ਖ਼ੁਬ ਚਰਚਾ ਹੋਈ। ਕੇਂਦਰ ਸਰਕਾਰ ਦੇ ਸੌਲਿਸਟਰ ਜਨਰਲ ਨੇ ਪਹਿਲਾਂ ਸੁਪਰੀਮ ਕੋਰਟ 'ਚ ਆਖ ਦਿੱਤਾ ਕਿ ਭਾਰਤ ਦਾ ਦਾਅਵਾ ਬਣਦਾ ਹੀ ਨਹੀਂ ਪਰ ਜਦੋਂ ਲੋਕਾਂ ਵਾਲ ਦੀ ਖੱਲ• ਲਾਹੀ ਤਾਂ ਅਗਲੇ ਦਿਨ ਕੇਂਦਰ ਨੇ ਅਦਾਲਤ 'ਚ ਜਾ ਕੇ ਇਹ ਭਰੋਸਾ ਰੱਖ ਦਿੱਤਾ ਕਿ ਬਰਤਾਨੀਆ ਤੋਂ ਕੋਹਿਨੂਰ ਲਿਆਉਣ ਲਈ ਭਾਰਤ ਸਰਕਾਰ ਯਤਨ ਕਰੇਗੀ। ਇਹ ਭਰੋਸਾ ਉਹ ਸਰਕਾਰ ਦੇ ਰਹੀ ਹੈ, ਜਿਹੜੀ ਕਾਲਾ ਸਰਮਾਇਆ ਲਿਆਉਣ ਦਾ ਵੀ ਫੋਕਾ ਟਾਂਗਰ ਜਨਤਾ ਨੂੰ ਖਵਾ ਚੁੱਕੀ ਹੈ। ਅਰਬਾਂ ਨੂੰ ਥੁੱਕ ਲਾ ਕੇ ਬਰਤਾਨੀਆਂ ਵਿੱਚ ਹੀ ਮੌਜਾਂ ਲੁੱਟ ਰਹੇ ਲਲਿਤ ਮੋਦੀ ਤੇ ਵਿਜੈ ਮਾਲੀਆ ਨੂੰ ਜਿਹੜੀ ਸਰਕਾਰ ਲਿਆ ਨਾ ਸਕੇ, ਉਹ ਮਹਾਂਰਾਣੀ ਦੇ ਤਾਜ 'ਚੋਂ ਕੋਹਿਨੂਰ ਕੱਢ ਲਿਆਵੇਗੀ, ਗੱਲ ਪਚਦੀ ਨਹੀਂ। ਪਰ ਫੇਰ ਵੀ ਖ਼ਬਰਾਂ 'ਚ ਉਲਝੇ ਰਹਿਣ ਵਾਲੇ ਲੋਕਾਂ ਲਈ ਦਿਲ ਪਰਚਾਉਣ ਦਾ ਇਹ ਖ਼ਿਆਲ ਚੰਗਾ ਹੈ।
*******
ਇੱਕ ਕਹਾਵਤ ਹੈ 'ਤੇਲੀ ਵੀ ਕੀਤਾ ਤੇ ਰੁਖਾ ਵੀ ਖਾਧਾ', ਇਹੀ ਕੁਝ ਹੋਇਆ ਕੈਪਟਨ ਅਮਰਿੰਦਰ ਸਿੰਘ ਨਾਲ। ਬਾਹਰਲੇ ਮੁਲਖ਼ਾਂ 'ਚ ਪ੍ਰਚਾਰ ਲਈ ਪੱਗ ਦਾ ਰੰਗ ਵੀ ਬਦਲਿਆ, ਪਰ ਕਨੈਡਾ ਵਾਲਿਆਂ ਨੇ ਆਪਣੀ ਧਰਤੀ 'ਤੇ ਸਿਆਸੀ ਰੈਲੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਕੈਪਟਨ ਨੇ ਤਲਖ਼ ਲਹਿਜ਼ੇ 'ਚ ਕਨੈਡਾ ਦੇ ਪ੍ਰਧਾਨ ਨੂੰ ਪੱਤਰ ਵੀ ਲਿਖ ਮਾਰਿਆ। ਪਰ ਹੈਰਾਨੀ ਦੀ ਗੱਲ ਹੈ ਕਿ ਉਨ•ਾਂ ਸਿਕੰਦਰ ਸਿੰਘ ਮਲੂਕਾ ਨੂੰ ਸੁੱਕਾ ਉਲਾਂਭਾ ਵੀ ਨਹੀਂ ਦਿੱਤਾ, ਜਿੰਨ•ਾਂ ਦੀ ਮੇਹਰਬਾਨੀ ਨਾਲ ਕਨੈਡਾ 'ਚ ਪੰਜਾਬੀ ਸਿਆਸਤ 'ਤੇ ਆਫ਼ਤ ਆਈ। ਅਸੀਂ ਤਾਂ ਇੱਥੇ ਵੀ ਤਵੱਕੋ ਕਰਦੇ ਹਾਂ ਕਿ ਕੋਈ ਮਲੂਕਾ ਸਾਬ• ਵਰਗਾ ਇੱਥੇ ਵੀ ਰੈਲੀਆਂ ਦਾ ਯੱਬ ਨਿਬੇੜ ਦੇਵੇ ਕਿਉਂਕਿ ਜਦੋਂ ਵੀ ਕੋਈ ਵੋਟਾਂ ਆਉਂਦੀਆਂ ਨੇ, ਸਾਡੇ ਵਰਗੇ ਵਿਹਲੜ ਸਾਲ ਪਹਿਲਾਂ ਈ ਘਰੇ ਕਹਿਣ ਲੱਗ ਪੈਂਦੇ ਆ ਕਿ ਔਖੇ-ਸੌਖੇ ਦੋ ਮਹੀਨੇ ਝੱਲ ਲਓ, ਫੇਰ ਰੈਲੀਆਂ ਚੱਲ ਪੈਣਗੀਆਂ। ਨਾਲੇ ਕਦੇ ਇਹ ਨਹੀਂ ਵੇਖਿਆ ਕਿ ਕਨੈਡਾ ਦੇ ਸਿਆਸਤਦਾਨਾਂ ਨੇ ਪਰਲ ਕਲੋਨੀ 'ਚ ਰੈਲੀ ਕਰਕੇ ਆਖਿਆ ਹੋਵੇ ਕਿ ਭਾਈ ਕਨੈਡਾ ਰਹਿੰਦੇ ਆਪਣੇ ਸਾਕਦਾਰਾਂ ਦੀ ਵੋਟ ਸਾਨੂੰ ਪੁਆ ਦਿਉ। ਪੰਜ ਸਾਲ ਕੋਈ ਪ੍ਰਵਾਸੀਆਂ ਨੂੰ ਪੁੱਛਦਾ ਨਹੀਂ, ਜਦੋਂ ਵੋਟਾਂ ਆਉਂਦੀਆਂ ਨੇ ਉਨ•ਾਂ ਦੇ ਵਿਹੜੇ ਖ਼ੌਰੂ ਪੈ ਜਾਂਦਾ ਹੈ, ਪ੍ਰਵਾਸੀ ਨਾ ਹੋਏ 'ਏ.ਟੀ.ਐਮ.' ਹੋ ਗਏ, ਜਦੋਂ ਲੋੜ ਹੋਈ ਵਰਤ ਲਵੋ।
*******
ਸਿਆਸੀ ਹਨੇਰੀਆਂ 'ਚ ਸਿੱਧੂ ਜੋੜੇ ਦੀ ਝੋਲੀ 'ਚ ਵੀ ਫਲ ਡਿੱਗ ਪਿਆ। ਸ਼ੇਰੀ ਭਾਅ (ਨਵਜੋਤ ਸਿੱਧੂ) ਨੂੰ ਭਾਜਪਾ ਨੇ ਰਾਜ ਸਭਾ ਦਾ ਟਿਕਟ ਫੜ•ਾ ਦਿੱਤਾ। ਲੋਕਾਂ ਨੂੰ ਕਿਤੇ ਸ਼ੱਕ ਨਾ ਹੋ ਜਾਵੇ ਕਿ ਦਬਕੇ-ਡਰਾਵੇ ਤੇ ਅਸਤੀਫ਼ੇ-ਲਤੀਫ਼ੇ ਕਾਹਦੇ ਲਈ ਸੀ, ਇਸ ਲਈ ਬੀਬੀ ਸਿੱਧੂ ਨੱਕ-ਬੁੱਲ• ਜਿਹੇ ਫੇਰ ਵੀ ਬਿਆਨਾਂ 'ਚ ਟੇਰਦੀ ਨਜ਼ਰ ਆ ਰਹੀ ਹੈ। ਖ਼ੈਰ, ਇਹ ਉਨ•ਾਂ ਦਾ ਨਿੱਜੀ ਮਸਲਾ ਹੈ ਪੰ੍ਰਤੂ ਸਾਡੇ ਵਰਗੇ ਘਟ-ਬੁਧੀਏ ਲੋਕਾਂ ਲਈ ਇਹ ਸੁਆਲ ਸਭ ਤੋਂ ਵੱਡਾ ਇÂ ਹੈ ਕਿ ਹਰ ਪਾਰਟੀ ਆਪਣੇ-ਆਪ ਨੂੰ ਕਿਸਾਨ-ਮਜ਼ਦੂਰ ਦੀ ਹਿਤੈਸ਼ੀ ਦੱਸਦੀ ਹੈ ਪਰ ਕਦੇ ਨਹੀਂ ਵੇਖਿਆ ਕਿ ਕਿਸੇ ਪਾਰਟੀ ਨੇ ਕਿਸੇ ਅਸਲ ਕਿਸਾਨ ਜਾਂ ਮਜ਼ਦੂਰ ਨੂੰ ਰਾਜ ਸਭਾ 'ਚ ਭੇਜਿਆ ਹੋਵੇ। ਹਾਂ, ਰੇਖਾ ਵਰਗੀਆਂ ਬੀਬੀਆਂ ਤੇ ਤੇਂਦੁਲਕਰ ਵਰਗੇ ਬਾਈ ਘਰੋਂ ਫੜ•-ਫੜ• ਕੇ ਰਾਜ ਸਭਾ 'ਚ ਭੇਜ ਦਿੱਤੇ ਜਾਂਦੇ ਹਨ। ਜਦਕਿ ਰਾਜ ਸਭਾ ਦਾ ਗ਼ਠਨ-ਉਦੇਸ਼ ਇਹ ਸੀ ਕਿ ਜੋ ਲੋਕ ਚੋਣ ਲੜਨ ਦੇ ਯੋਗ ਨਹੀਂ ਉਹ ਵੀ ਆਪਣੀ ਜਮਾਤ ਦੀ ਨੁੰਮਾਇਦਗੀ ਕਰ ਸਕਣ। ਸਾਡੇ ਪੰਜਾਬੀਆਂ ਨੂੰ ਘੱਟੋ-ਘੱਟ ਹੁਣ ਨੀਂਦ ਤੋਂ ਜਾਗ ਕੇ ਇਹ ਸੁਆਲ ਸਿਆਸੀ ਸੰਗਠਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ।
*******
ਸੂਬਾ ਸਰਕਾਰ ਦੇ ਨਛੱਤਰਾਂ 'ਚ ਮੁਸੀਬਤਾਂ ਤੇ ਸੁਬੇ ਦੇ ਭਾਗਾਂ 'ਚ ਘੋਟਾਲੇ ਹੀ ਭਰ ਗਏ ਹਨ। ਇਸ ਸਾਲ ਦੀ ਹੀ ਗੱਲ ਕਰੀਏ ਤਾਂ ਚੰਡੀਗੜ• 'ਵਰਸਿਟੀ ਵੱਲੋਂ ਨੌਂਕਰੀਆਂ ਲਈ ਲਈ ਜਾ ਰਹੀ ਪ੍ਰੀਖਿਆ ਸੁਆਲਾਂ 'ਚ ਘਿਰੀ ਤਾਂ ਤਕਨੀਕੀ ਕਾਲਜਾਂ ਦਾ ਵਜ਼ੀਫ਼ਾ ਘੋਟਾਲਾ ਖੁੱਲ• ਗਿਆ। ਇਹਦੀ ਜਾਂਚ ਚੱਲ ਹੀ ਰਹੀ ਸੀ ਕਿ ਕੈਗ ਦੀ ਰਿਪੋਰਟ ਰੌਲਾ ਪਾਉਣ ਲੱਗ ਪਈ ਕਿ ਅਨਾਜ ਦੀ ਢੁਆਈ ਸਕੁਟਰਾਂ 'ਤੇ ਕਰ ਦਿੱਤੀ ਗਈ ਤੇ 3232 ਅਨਾਜ ਦੇ ਟਰੱਕ ਮਿਲ ਨਹੀਂ ਰਹੇ। ਉੱਤੋਂ ਭਾਰਤੀ ਰਿਜ਼ਰਵ ਬੈਂਕ ਨੇ ਪੰਜਾਬ ਸਕਰਾਰ ਨੂੰ ਘੇਰ ਲਿਆ ਕਿ ਕੈਸ਼ ਕ੍ਰੈਡਿਟ ਲਿਮਟ ਦਾ 20,000 ਕਰੋੜ ਫੇਰ ਮਿਲੂ ਪਹਿਲਾਂ 12,000 ਕਰੋੜ ਦੇ ਅਨਾਜ ਦਾ ਲੇਖਾ ਦਿਉ। ਬਾਦਲ ਸਾਬ• ਨੇ ਮੋਦੀ ਨਾਲ ਮਿਲ ਕੇ ਕੈਸ਼ ਕ੍ਰੈਡਿਟ ਲਿਮਟ ਦਾ 17,000 ਕਰੋੜ ਲੈ ਤਾਂ ਔਖਾ-ਸੌਖਾ ਬੁੱਤਾ ਸਾਰ ਲਿਆ ਪ੍ਰੰਤੂ ਇਹ ਖੁਸ਼ੀ ਦੋ ਦਿਨਾਂ ਬਾਅਦ ਕਾਫ਼ੂਰ ਹੋ ਗਈ ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ 'ਚੋਂ 23 ਕਰੋੜ ਦੇ ਘਪਲੇ ਦਾ ਧੂੰਆਂ ਉੱਠ ਪਿਆ। ਇਹ ਸਭ ਵੇਖ ਕੇ ਮੋਦੀ ਜੀ ਨੂੰ ਬੇਨਤੀ ਹੈ ਕਿ ਨੋਟਾਂ ਆਲੇ ਟਰੱਕਾਂ ਨੂੰ ਮਾਰੋ ਗੋਲੀ, ਖਾਲ•ੀ ਟਰੱਕ ਭੇਜ ਕੇ ਆਹ ਕਾਟੂ ਮਾਲ (ਭ੍ਰਿਸ਼ਟੇ) ਚੁੱਕ ਕੇ ਲੈ ਜਾਓ।
*******
ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਪੜ•ਾਈ 'ਚ ਭਾਵੇਂ ਦਸ 'ਤੇ ਹੀ ਬੱਸ ਕਰ ਗਏ ਪਰ ਉਨ•ਾਂ ਦਾ ਸਿਹਤ ਵਿਗਿਆਨ ਦਾ ਗਿਆਨ ਬਾ-ਕਮਾਲ ਹੈ। ਕਦੇ ਵੱਖ-ਵੱਖ ਥਿਊਰੀਆਂ ਦੇ ਹਵਾਲੇ ਨਾਲ ਸ਼ਰਾਬ ਨੂੰ ਨਸ਼ੇ ਦੀ ਸੂਚੀ 'ਚੋਂ ਬਾਹਰ ਰੱਖਦੇ ਨੇ ਤੇ ਕਦੇ ਦਲੀਲ ਦਿੰਦੇ ਹਨ ਕਿ ਗਾਂ ਦਾ ਦੁੱਧ ਪੀਣ ਵਾਲੇ ਆਈ.ਪੀ.ਐੱਸ./ਆਈ.ਏ.ਐੱਸ. ਬਣਦੇ ਹਨ। ਸ਼ਰਾਬ ਜੇ ਨਸ਼ਾ ਨਹੀਂ ਤਾਂ ਫੇਰ ਟੱਲੀ ਹਾਲਤ 'ਚ ਜ਼ਰਾਇਮ ਕਰਨ ਵਾਲੇ ਨੂੰ ਕਾਨੂੰਨੀ ਭਾਸ਼ਾ 'ਚ ਨਸ਼ੇ ਦੀ ਹਾਲਤ 'ਚ ਕਿਉਂ ਲਿਖਿਆ ਜਾਂਦਾ ਹੈ? ਗਾਂ ਦਾ ਦੁੱਧ ਪੌਸ਼ਟਿਕ ਹੁੰਦਾ ਹੈ, ਏਸ ਗੱਲ 'ਚ ਰੱਤੀ ਵੀ ਸ਼ੱਕ ਨਹੀਂ, ਪਰ ਬੱਕਰੀ ਦਾ ਦੁੱਧ ਤਾਂ ਗਾਂ ਦੇ ਦੁੱਧ ਤੋਂ ਵੀ ਵਧੇਰੇ ਪੌਸ਼ਟਿਕ ਹੈ, ਫੇਰ ਤਾਂ ਜਿਆਣੀ ਸਾਬ• ਹੋਰਾਂ ਦੀ ਥਾਂ 'ਤੇ ਵੀ ਆਜੜੀਆਂ ਦੇ ਜੁਆਕ ਹੁੰਦੇ ਤੇ ਅਫ਼ਸਰਸ਼ਾਹੀ 'ਚ ਵੀ ਉਹੀ ਹੁੰਦੇ। ਜਿਆਣੀ ਸਾਬ• ਇੱਥੇ ਹੀ ਨਹੀਂ ਰੁਕਦੇ। ਉਹ ਕਹਿੰਦੇ ਆ ਕਿ ਜੇ ਸਰਕਾਰੀ ਡਾਕਟਰ ਨਿੱਜੀ ਤੌਰ 'ਤੇ ਬਾਹਰ ਮਰੀਜ਼ ਬਾਹਰ ਵੇਖਦੇ ਹਨ ਤਾਂ ਇਹਦੇ 'ਚ ਗਲਤ ਕੀ ਹੈ। ਜਿਆਣੀ ਸਾਬ• ਇਹ ਵੀ ਸੁਝਾਅ ਦਿੰਦੇ ਆ ਕਿ ਦਹੀਂ-ਲੱਸੀ ਨਾਲ ਨਹਾਇਆ ਕਰੋ, ਡਾਕਟਰਾਂ ਕੋਲ ਆਉਣ ਦੀ ਲੋੜ ਹੀ ਨਹੀਂ। ਇਸ ਅਧਾਰ 'ਤੇ ਤਾਂ ਫੇਰ ਸਰਕਾਰੀ ਹਸਪਤਾਲਾਂ 'ਚ ਦਹੀਂ-ਲੱਸੀ ਦੇ ਟੱਬ ਰੱਖ ਕੇ ਸਕਰਾਰ ਨੂੰ ਚਾਹੀਦੈ ਕਿ ਉਹ ਡਾਕਟਰਾਂ ਨੂੰ ਨਿੱਜੀ ਹਸਪਤਾਲਾਂ 'ਚ ਅੱਧੋ-ਅੱਧੀ ਕਮਾਈ 'ਤੇ ਭੇਜ ਦੇਵੇ।
*******
ਅੰਤ 'ਚ ਜੁਝਾਰੂਆਂ ਦੀ ਧਰਤੀ ਪੰਜਾਬ 'ਤੇ ਧੁਖ਼ ਰਹੇ ਸਿਵਿਆਂ ਦੀ ਗੱਲ। ਚਿੰਤਾ ਦੀ ਗੱਲ ਹੈ ਕਿ ਪੰਜਾਬ 'ਚ ਨੌਜਵਾਨਾਂ 'ਚ ਖੁਦਕੁਸ਼ੀ ਦਾ ਰੁਝਾਨ ਵੱਧ ਰਿਹਾ। ਹੁਣ ਨੌਜਵਾਨ ਕਿਸਾਨ, ਬੇਰੁਜ਼ਗਾਰ, ਜ਼ਹਿਨੀ ਪ੍ਰੇਸ਼ਾਨ, ਮਜ਼ਦੂਰ ਇਸ ਰੁਝਾਨ ਦੀ ਭੇਂਟ ਚੜ• ਰਹੇ ਹਨ। ਇਹ ਖ਼ਤਰੇ ਦੀ ਘੰਟੀ ਹੈ। ਜੇ ਨੌਜਵਾਨੀ ਬੇ-ਆਸ ਹੋ ਗਈ ਤਾਂ ਹਰ ਆਸ ਜੰਮਣ ਤੋਂ ਪਹਿਲਾਂ ਮਰ ਜਾਵੇਗੇ। ਹਰ ਖ਼ਿੱਤੇ 'ਚ ਆਰਥਿਕ ਅਸਥਿਰਤਾ ਤੇ ਸਮਾਜਿਕ ਉਥਲ-ਪੁਥਲ ਹੈ। ਪਰ ਇਸ ਤਰ•ਾਂ ਜ਼ਿੰਦਗੀ ਤੋਂ ਭੱਜਣਾ ਵਾਜ਼ਬ ਨਹੀਂ ਹੈ। ਨੌਜਵਾਨੀ ਪੰਜਾਬ 'ਚ ਉਮੀਦਹੀਣ ਹੋਣ ਦੇ ਨਾਲ-ਨਾਲ ਬੌਧਿਕ ਤੌਰ 'ਤੇ ਵੀ ਕੱਚੀ ਹੈ। ਸਾਨੂੰ ਨੌਜਵਾਨਾਂ 'ਚ ਹੀ ਨਹੀਂ ਜਵਾਨੀ ਵੱਲ ਵਧ ਰਹੇ ਬੱਚਿਆਂ 'ਚ ਵੀ ਜੁਝਾਰੁ ਬ੍ਰਿਤੀ ਪੈਦਾ ਕਰਨੀ ਪਵੇਗੀ। ਨਹੀਂ ਤਾਂ ਯੋਧਿਆਂ ਦੀ ਥਾਂ ਮੋਢੇ 'ਤੇ ਤਗਮਾ ਰਣਛੋਡਿਆਂ ਦਾ ਹੋਵੇਗਾ। ਕਲਮਾਂ ਵਾਲਿਆਂ ਨੂੰ ਬੇਨਤੀ ਹੈ ਕਿ ਰੇਸ਼ਮੀ ਜੁਲਫ਼ਾਂ ਦੀ ਉਲਝਣ 'ਚੋਂ ਨਿਕਲ ਕੇ ਜੁਝਾਰਵਾਦੀ ਸਾਹਿਤ ਦੀ ਸਿਰਜਣਾ ਕਰਨ। ਸਮਾਜ ਚਿੰਤਕ ਤੇ ਕਲਾ ਦੇ ਵਣਜਾਰੇ ਪਿੰਡਾਂ 'ਚ ਜਾ ਕੇ ਡਾਵਾਂਡੋਲ ਹੋਈ ਜਵਾਨੀ ਨੂੰ ਸਮਝਾਉਣ ਕਿ 'ਵਾਅਦੇ ਤੇ ਅੰਡੇ ਟੁੱਟਦੇ ਹਨ, ਕੋਸ਼ਿਸ਼ਾਂ 'ਚ ਹੀ ਕਾਮਯਾਬ ਹੁੰਦੀਆਂ ਨੇ', ਲੜਨ ਦੀ ਕੋਸ਼ਿਸ਼ ਕਰੋ।

Blogger Comment