ਇਸ ਸੁਪਨੇ ਨੂੰ ਮਨ ਵਿੱਚ ਰੱਖ ਕੇ ਜਿੰਮੀ ਵੇਲਜ਼ ਨੇ 2001 ਵਿੱਚ ਲੈਰੀ ਸੈਂਗਰ ਨਾਲ ਮਿਲਕੇ ਵਿਕੀਪੀਡੀਆ ਸ਼ੁਰੂ ਕੀਤਾ। ਉਸ ਸਮੇਂ ਇਹ ਅੰਗਰੇਜ਼ੀ ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਇਸ ਵਿੱਚ 50 ਲੱਖ ਤੋਂ ਵੱਧ ਲੇਖ ਹਨ। ਹੌਲੀ-ਹੌਲੀ ਇਹ ਦੁਨੀਆਂ ਦੀਆਂ ਬਾਕੀ ਜ਼ੁਬਾਨਾਂ ਵਿੱਚ ਸ਼ੁਰੂ ਕੀਤਾ ਗਿਆ ਅਤੇ ਅੱਜ ਇਹ ਲਗਭਗ 290 ਭਾਸ਼ਾਵਾਂ ਵਿੱਚ ਮੌਜੂਦ ਹੈ। ਅੱਜ ਸਿਰਫ਼ ਅੰਗਰੇਜ਼ੀ ਵਿਕੀਪੀਡੀਆ ਉੱਤੇ ਹੀ ਇੰਨੀ ਜਾਣਕਾਰੀ ਹੈ ਕਿ ਜੇਕਰ ਉਸਨੂੰ ਪ੍ਰਿੰਟ ਕੀਤਾ ਜਾਵੇ ਤਾਂ 7000 ਤੋਂ ਵੱਧ ਕਿਤਾਬਾਂ ਹੋ ਜਾਣਗੀਆਂ। ਇਸ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਵਿਕੀਪੀਡੀਆ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵੱਡਾ ਜਾਣਕਾਰੀ ਸੰਗ੍ਰਹਿ ਹੈ।
ਵਿਕੀਪੀਡੀਆ ਅਸਲ ਵਿੱਚ ਇੱਕ ਵਿਸ਼ਵਕੋਸ਼ ਹੈ। ਇੱਕ ਅਜਿਹਾ ਵਿਸ਼ਵਕੋਸ਼ ਜਿਸ ਵਿੱਚ ਹਰ ਕੋਈ ਆਪਣਾ ਯੋਗਦਾਨ ਪਾ ਸਕਦਾ ਹੈ। ਪਰ ਇੱਥੇ ਮੈਂ ਇਹ ਵੀ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਇਸਦਾ ਮਤਲਬ ਇਹ ਨਹੀਂ ਹੈ ਕਿ ਵਿਕੀਪੀਡੀਆ ਉੱਤੇ ਕੋਈ ਵੀ ਬੰਦਾ ਕਿਸੇ ਵੀ ਲੇਖ ਵਿੱਚ ਕੁਝ ਵੀ ਲਿਖ ਸਕਦਾ ਹੈ। ਵਿਕੀਪੀਡੀਆ ਆਪਣੇ ਆਪ ਵਿੱਚ ਇੱਕ ਭਾਈਚਾਰਾ ਹੈ ਜਿਸ ਵਿੱਚ ਉਸ ਭਾਈਚਾਰੇ ਦੇ ਸਾਰੇ ਮੈਂਬਰ ਇੱਕ-ਦੂਜੇ ਦੁਆਰਾ ਕੀਤੇ ਗਏ ਯੋਗਦਾਨ ਦੀ ਪਰਖ-ਪੜਚੋਲ ਕਰਦੇ ਰਹਿੰਦੇ ਹਨ। ਜਿਸ ਭਾਸ਼ਾ ਦਾ ਵਿਕੀ ਭਾਈਚਾਰਾ ਵਿਸ਼ਾਲ ਅਤੇ ਮਜ਼ਬੂਤ ਹੋਵੇਗਾ, ਉਸ ਭਾਸ਼ਾ ਦੇ ਵਿਕੀਪੀਡੀਆ ਉੱਤੇ ਪਾਈ ਜਾ ਰਹੀ ਜਾਣਕਾਰੀ ਵੀ ਚੰਗੇ ਪੱਧਰ ਦੀ ਹੋਵੇਗੀ।
ਵਿਕੀਪੀਡੀਆ ਸਿਰਫ਼ ਜਾਣਕਾਰੀ ਸੰਗ੍ਰਹਿ ਹੀ ਨਹੀਂ ਸਗੋਂ ਇਹ ਇੱਕ ਮੁਫ਼ਤ ਅਤੇ ਓਪਨ ਜਾਣਕਾਰੀ ਸੰਗ੍ਰਹਿ ਹੈ। ਇਸਦਾ ਅਰਥ ਹੈ ਕਿ ਵਿਕੀਪੀਡੀਆ ਉੱਤੇ ਕੋਈ ਮਸ਼ਹੂਰੀ ਨਹੀਂ ਦਿੱਤੀ ਜਾਂਦੀ ਅਤੇ ਇਸ ਉੱਤੇ ਮੌਜੂਦ ਜਾਣਕਾਰੀ ਮੁਫ਼ਤ ਵਿੱਚ ਉਪਲਬਧ ਹੁੰਦੀ ਹੈ। ਇਸਦੇ ਨਾਲ ਹੀ ਓਪਨ ਦਾ ਅਰਥ ਹੈ ਕਿ ਇਹ ਜਾਣਕਾਰੀ ਅਜਿਹੇ ਕਾਪੀਰਾਈਟਸ ਤਹਿਤ ਉਪਲਬਧ ਹੈ ਕਿ ਕੋਈ ਵੀ ਇਸਦੀ ਖੁੱਲ੍ਹੇਆਮ ਵਰਤੋਂ ਕਰ ਸਕਦਾ ਹੈ। ਭਾਵ ਕਿਸੇ ਵੀ ਰੂਪ ਵਿੱਚ, ਕਿਸੇ ਵੀ ਮਕਸਦ ਲਈ, ਵਿਕੀਪੀਡੀਆ ਉੱਤੇ ਮੌਜੂਦ ਜਾਣਕਾਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਸਲ ਵਿੱਚ ਵਿਕੀਪੀਡੀਆ ਇਸ ਵਿਚਾਰ ਨੂੰ ਪ੍ਰਮੁੱਖ ਰੱਖਦਾ ਹੈ। ਗਿਆਨ ਸਭ ਦਾ ਸਾਂਝਾ ਹੁੰਦਾ ਹੈ ਇਸ ਉੱਤੇ ਕੁਝ ਵਿਸ਼ੇਸ਼ ਲੋਕਾਂ ਦੀ ਮਲਕੀਅਤ ਨਹੀਂ ਹੋਣੀ ਚਾਹੀਦੀ। ਅੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਲੋਕ ਬਹੁਤ ਵਿਅਕਤੀਗਤ ਹੋ ਗਏ ਹਨ ਅਤੇ ਜਦੋਂ ਨਿੱਜੀ ਮਲਕੀਅਤ ਬਹੁਤ ਹੀ ਜ਼ਰੂਰੀ ਮੰਨੀ ਜਾਂਦੀ ਹੈ। ਇਸ ਸਮੇਂ ਵਿੱਚ ਇੱਕ ਸਾਂਝੇ ਗਿਆਨ ਸਰੋਤ ਵਿਕੀਪੀਡੀਆ ਦਾ ਹੋਂਦ ਵਿੱਚ ਆਉਣਾ ਇਨਕਲਾਬ ਤੋਂ ਘੱਟ ਨਹੀਂ ਹੈ।
ਸੱਤਦੀਪ ਗਿੱਲ+91-9465155746


Blogger Comment