ਤਪਾ ਮੰਡੀ, 11 ਜਨਵਰੀ (ਨਰੇਸ਼ ਗਰਗ) ਆਉਂਦੀਆਂ ਵਿਧਾਨ ਸਭਾ ਚੋਣਾਂ 2017 ਲਈ ਪੰਜਾਬ ਅੰਦਰ ਸਿਆਸੀ ਵਰਜ਼ਿਸਾਂ ਸ਼ੁਰੂ ਹੋ ਚੁੱਕੀਆਂ ਹਨ। ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਆਮ ਆਦਮੀ ਪਾਰਟੀ ਉੱਭਰ ਕੇ ਤੀਜੀ ਧਿਰ ਬਣ ਚੁੱਕੀ ਹੈ। ਵਿਧਾਨ ਸਭਾ ਹਲਕਾ ਭਦੌੜ ਉਪਰ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜ਼ਾ ਰਿਹਾ ਹੈ। ਇਸ ਹਲਕੇ ਦੇ ਪਿਛਲੇ ਸਮੀਕਰਨਾਂ ਅਨੁਸਾਰ ਤਕਰੀਬਨ ਹਰੇਕ ਵਾਰ ਇਸ ਹਲਕੇ ਤੋਂ ਬਾਹਰ ਦਾ ਜੰਮਪਲ ਉਮੀਦਵਾਰ ਹੀ ਵਿਧਾਇਕ ਬਣਿਆ ਹੈ, ਭਾਵੇਂ ਉਹ ਕੁੰਦਨ ਸਿੰਘ ਪਤੰਗ, ਨਿਰਮਲ ਸਿੰਘ ਨਿੰਮਾ, ਸੰਤ ਬਲਵੀਰ ਸਿੰਘ ਘੁੰਨਸ ਰਹੇ ਹੋਣ ਅਤੇ ਮੌਜੂਦਾ ਸਮੇਂ ਜਨਾਬ ਮੁਹੰਮਦ ਸਦੀਕ ਵੀ ਹਨ।
ਸਾਲ 1992 ਤੋਂ 1997 ਦੇ ਸਮੇਂ ਪੰਜਾਬ ਅੰਦਰ ਕਾਂਗਰਸ ਸਰਕਾਰ ਨੇ ਸੱਤਾ ਹਾਸ਼ਿਲ ਕੀਤੀ। ਉਸ ਸਮੇਂ ਇਥੋਂ ਨਿਰਮਲ ਸਿੰਘ ਨਿੰਮਾ ਬਸਪਾ ਪਾਰਟੀ ਤੇ ਚੋਣ ਲੜ੍ਹ ਕੇ ਸੀਟ ਜਿੱਤੇ। ਉਂਝ ਭਾਵੇਂ ਕਿ ਪੰਜਾਬ ਅੰਦਰ ਵੋਟਾਂ ਦੇ ਬਾਈਕਾਟ ਦਾ ਐਲਾਨ ਹੋਇਆ। ਸਾਲ 1997 ਤੋਂ 2012 ਤੱਕ ਲਗਾਤਾਰ ਤਿੰਨ ਵਾਰ ਸੰਤ ਬਲਵੀਰ ਸਿੰਘ ਘੁੰਨਸ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਵਜੋਂ ਜਿੱਤਦੇ ਰਹੇ। ਪਾਰਟੀ ਨਾਲੋਂ ਉਨ੍ਹਾਂ ਦੀ ਧਾਰਮਿਕ, ਸਰੀਫ਼, ਸਾਦੀ ਸਖ਼ਸੀਅਤ ਨੇ ਉਨ੍ਹਾਂ ਦੀ ਜਿੱਤ ਵਿੱਚ ਯੋਗਦਾਨ ਪਾਇਆ। ਇਨ੍ਹਾਂ ਸਮਿਆਂ ਦੌਰਾਨ ਜਿਹੜੇ ਵੀ ਉਮੀਦਵਾਰ ਅਕਾਲੀ ਦਲ ਵਿਚੋਂ ਬਾਗੀ ਹੋ ਕੇ ਚੋਣ ਲੜ੍ਹਦੇ ਰਹੇ ਆਖਿਰ ਨੂੰ ਉਨ੍ਹਾਂ (ਸੰਤਾਂ) ਦੀ ਸਿਆਸੀ ਸਮਝ ਸਦਕਾ ਅਕਾਲੀ ਦਲ ਵਿੱਚ ਸਾਮਲ ਹੁੰਦੇ ਰਹੇ।
ਭਾਵ ਕਿ ਅਕਾਲੀ ਦਲ ਅੰਦਰ ਚੋਣ ਉਪਰੰਤ ਸਭ ਕੁਝ ਆਮ ਵਾਂਗ ਹੁੰਦਾ ਰਿਹਾ ਪਰੰਤੂ ਸਾਲ 2012 ਦੀਆਂ ਚੋਣਾਂ ਸਮੇਂ ਸੰਤ ਬਲਵੀਰ ਸਿੰਘ ਘੁੰਨਸ ਨੂੰ ਹਲਕਾ ਦਿੜਬਾ ਵਿੱਚ ਭੇਜਿਆ ਗਿਆ। ਇਸ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਨੂੰ ਕਾਂਗਰਸੀ ਉਮੀਦਵਾਰ ਪਾਸੋਂ ਹਾਰ ਦੀ ਸਾਹਮਣਾ ਕਰਨਾ ਪਿਆ ਅਤੇ ਨਾਲ ਹੀ ਇਸ ਹਲਕੇ ਅੰਦਰ ਅਕਾਲੀ ਦਲ ਦੀ ਸਾਖ ਵੀ ਖੇਰੂੰ-ਖੇਰੂੰ ਹੋਣ ਲੱਗ ਪਈ। ਕਈ ਸੀਨੀਅਰ ਅਕਾਲੀ ਲੀਡਰਾਂ ਨੇ ਅਕਾਲੀ ਦਲ ਦੇ ਉਮੀਦਵਾਰ ਦਾ ਅੰਦਰੂਨੀ ਵਿਰੋਧ ਵੀ ਕੀਤਾ। ਵੱਡੀ ਗਿਣਤੀ ਵਿੱਚ ਲੀਡਰ-ਵਰਕਰ ਸੰਤ ਘੁੰਨਸ ਨੂੰ ਹਲਕੇ ਤੋਂ ਭੇਜਣ ਦੇ ਵਿਰੋਧੀ ਵੀ ਸਨ। ਕੁਝ ਨੇ ਸਾਇਦ ਆਪਣੀ ਭੜਾਸ ਕੱਢਣ ਲਈ ਨਵੇਂ ਉਮੀਦਵਾਰ ਦਾ ਵਿਰੋਧ ਕੀਤਾ ਹੋਵੇ।
ਜਿੰਨ੍ਹਾਂ ਸੀਨੀਅਰ ਲੀਡਰਾਂ ਨੇ ਨਵੇਂ ਅਕਾਲੀ ਉਮੀਦਵਾਰ ਦੀ ਚੋਣ ਮੁਹਿੰਮ ਚਲਾਈ ਉਨ੍ਹਾਂ ਵਿਚੋਂ ਕਈਆਂ ਨੇ ‘ਪਾਰਟੀ ਵਿਰੋਧੀ’ ਕਾਰਵਾਈਆਂ ਕਰਨ ਅਤੇ ‘ਚੋਣਾਂ ਦੌਰਾਨ ਵਿਰੋਧ’ ਕਰਨ ਦੇ ਦੋਸ਼ ਵੀ ਲਗਾਏ ਗਏ। ਚੋਣ ਮੁਹਿੰਮ ਵਿੱਚ ਸਿਰਤੋੜ ਯਤਨ ਕਰਨ ਵਾਲਿਆਂ ਨੂੰ ਬਾਅਦ ਵਿੱਚ ਲਾਂਭੇ ਕਰਨ ਦੀ ਕਵਾਇਦ ਵੀ ਸ਼ੁਰੂ ਹੋਈ। ਉਕਤ ਵਿਚੋਂ ਕਈ ਵੱਖ-ਵੱਖ ਪਾਰਟੀਆਂ ਵਿੱਚ ਜਾਣ ਦੀ ਫਿਰਾਕ ਵਿੱਚ ਹਨ। ਕਈ ਸੀਨੀਅਰ ਲੀਡਰ ਜਿੰਨਾਂ ਨੇ ਵਿੰਗੇ-ਟੇਢੇ ਢੰਗ ਨਾਲ ਕਾਂਗਰਸੀ ਉਮੀਦਵਾਰ ਦਾ ਪੱਖ ਪੂਰਿਆ ਸੀ, ਉਨ੍ਹਾਂ ਨੂੰ ਹਲਕਾ ਭਦੌੜ ਅੰਦਰ ਖਾਸਾ ਮਾਣ-ਤਾਣ ਵੀ ਮਿਲ ਰਿਹਾ ਹੈ। ਜਿਸ ਕਾਰਨ ਸੀਨੀਅਰ ਟਕਸਾਲੀ ਅਕਾਲੀਆਂ ਅੰਦਰ ਮਾਯੂਸੀ ਛਾਈ ਹੋਈ ਹੈ।
ਇਸ ਤਰਾਂ ਅਕਾਲੀ ਦਲ ਅੰਦਰ ਹੋ ਰਹੀ ਪਾਟੋਧਾੜ ਇਸ ਵਾਰ ਵੀ ਅਕਾਲੀ ਦਲ ਦੀ ਹਾਰ ਦਾ ਕਾਰਨ ਬਣ ਸਕਦੀ ਹੈ। ਉਂਝ ਵੱਡੀ ਗਿਣਤੀ ਅਕਾਲੀ ਵਰਕਰ ਸੰਤ ਬਲਵੀਰ ਸਿੰਘ ਘੁੰਨਸ ਨੂੰ ਹੀ ਸੀਟ ਜਿੱਤਣ ਦੇ ਯੋਗ ਮੰਨ ਰਹੇ ਹਨ। ਉਂਝ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲ ਵੀ ਹਲਕੇ ਦੇ ਸਮੀਕਰਨਾਂ ਦਾ ਰੂਪ ਬਦਲ ਸਕਦਾ ਹੈ।
Blogger Comment