ਰੋਮ : ਪੰਜਾਬ ਵਿੱਚ ਆਮ ਆਦਮੀ ਵਿੱਚ ਚੱਲ ਰਹੀ ਸਿਆਸੀ ਉਥੱਲ ਪੁੱਥਲ ਨੂੰ ਖ਼ਤਮ ਕਰਨ ਲਈ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਗੇ ਆ ਗਏ ਹਨ। ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਪਾਰਟੀ ਦੀ ਪੰਜਾਬ ਵਿੱਚ ਪੂਰੀ ਕਮਾਨ ਉਨ੍ਹਾਂ ਦੇ ਹੱਥ ਵਿੱਚ ਹੋਵੇਗੀ। ਇਟਲੀ ਵਿਖੇ ਪੰਜਾਬੀ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਆਖਿਆ ਕਿ ਉਹ 8 ਸਤੰਬਰ ਨੂੰ ਪੰਜਾਬ ਜਾ ਰਹੇ ਹਨ ਅਤੇ 11 ਸਤੰਬਰ ਤੱਕ ਉੱਥੇ ਰਹਿਣਗੇ। ਜਰੀਵਾਲ ਨੇ ਇਹ ਵੀ ਦੱਸਿਆ ਕਿ 13 ਸਤੰਬਰ ਨੂੰ ਉਹਨਾਂ ਦਾ ਅਪ੍ਰਰੇਸ਼ਨ ਹੈ ਇਸ ਲਈ ਉਹ 10 ਦਿਨ ਬਾਅਦ ਫਿਰ ਪੰਜਾਬ ਆਉਣਗੇ।
ਇਸ ਦੌਰਾਨ ਉਨ੍ਹਾਂ ਆਖਿਆ ਕਿ ਪਾਰਟੀ ਦੇ ਨਾਰਾਜ਼ ਵਲੰਟੀਅਰਾਂ ਨਾਲ ਉਹ ਖ਼ੁਦ ਗੱਲਬਾਤ ਕਰਨਗੇ ਅਤੇ ਜੇਕਰ ਕਿਸੇ ਦੀ ਨਾਰਾਜ਼ਗੀ ਹੋਵੇਗੀ ਉਸ ਨੂੰ ਦੂਰ ਕਰਨਗੇ। ਕੇਜਰੀਵਾਲ ਨੇ ਇਹ ਵੀ ਆਖਿਆ ਕਿ ਇੱਕ ਪਾਸੇ ਉਹ ਪੰਜਾਬ ਵਿੱਚ ਬਾਦਲ ਪਰਿਵਾਰ ਨਾਲ ਲੜ ਰਹੇ ਉੱਥੇ ਹੀ ਉਨ੍ਹਾਂ ਨੂੰ ਪਾਰਟੀ ਦੇ ਕੁੱਝ ਆਗੂਆਂ ਨਾਲ ਵੀ ਲੜਨਾ ਪੈ ਰਿਹਾ ਹੈ। ਇਸ ਲਈ ਉਹ ਹੁਣ ਖ਼ੁਦ ਪੰਜਾਬ ਦੀ ਕਮਾਨ ਆਪਣੇ ਹੱਥ ਵਿੱਚ ਲੈਣ ਜਾ ਰਹੇ ਹਨ।
ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਪਾਰਟੀ ਇੱਕ ਤੋਂ ਬਾਅਦ ਇੱਕ ਵਿਵਾਦ ਵਿੱਚ ਫਸਦੀ ਜਾ ਰਹੀ ਹੈ। ਖ਼ਾਸ ਤੌਰ ਉੱਤੇ ਪਾਰਟੀ ਦੇ 13 ਜ਼ੋਨ ਕਨਵੀਨਰਾਂ ਵਿੱਚੋਂ 6 ਸੁੱਚਾ ਸਿੰਘ ਛੋਟੇਪੁਰ ਧੜੇ ਨਾਲ ਜੁੜ ਗਏ ਹਨ। ਇਸ ਤੋਂ ਇਲਾਵਾ ਪਾਰਟੀ ਦੀ ਕਮਾਨ ਦਿੱਲੀ ਦੇ ਦੋ ਆਗੂਆਂ ਦੇ ਹੱਥ ਵਿੱਚ ਹੋਣ ਕਾਰਨ ਵੀ ਵਰਕਰਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਅਰਵਿੰਦ ਕੇਜਰੀਵਾਲ ਨੇ ਹੁਣ ਆਪ ਸਿੱਧੇ ਵਲੰਟੀਅਰਾਂ ਨਾਲ ਗੱਲ ਕਰਨ ਦਾ ਐਲਾਨ ਕੀਤਾ ਹੈ।
Blogger Comment